India News

ਲੁਧਿਆਣਾ ਸਿਟੀ ਸੈਂਟਰ ਘੁਟਾਲੇ ’ਚੋਂ ਕੈਪਟਨ ਅਮਰਿੰਦਰ ਸਿੰਘ ਬਰੀ

ਲੁਧਿਆਣਾ
ਅੱਜ ਲੁਧਿਆਣਾ ਦੀ ਅਦਾਲਤ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ’ਚ ਪੇਸ਼ ਹੋਏ ਮੁੱਖ ਮੰਤਰੀ ਨੇ ਫ਼ੈਸਲਾ ਸੁਣਨ ਤੋਂ ਬਾਅਦ ਬਾਹਰ ਆਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਦੇਸ਼ ਦੀ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਸੀ।
ਇਹ ਦੱਸਣਾ ਵੀ ਯੋਗ ਹੋਵੇਗਾ ਕਿ ਲੁਧਿਆਣਾ ਸਿਟੀ–ਸੈਂਟਰ ਘੁਟਾਲੇ ’ਚ ਪੰਜਾਬ ਦੇ ਸਾਬਕਾ ਡੀਜੀਪੀ ਸ੍ਰੀ ਸੁਮੇਧ ਸਿੰਘ ਸੈਣੀ ਨੇ ਵੀ ਇਸ ਮਾਮਲੇ ’ਚ ਕੈਪਟਨ ਵਿਰੁੱਧ ਇੱਕ ਪਟੀਸ਼ਨ ਦਾਇਰ ਕੀਤੀ ਸੀ। ਇਸ ਘੁਟਾਲੇ ਦਾ ਕੇਸ ਬੰਦ ਕਰਨ ਲਈ ਵਿਜੀਲੈਂਸ ਬਿਊਰੋ ਨੇ ਜਿਹੜੀ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਸੀ; ਸ੍ਰੀ ਸੈਣੀ ਨੇ ਆਪਣੀ ਪਟੀਸ਼ਨ ਦਾਇਰ ਕਰ ਕੇ ਉਸ ਉੱਤੇ ਇਤਰਾਜ਼ ਪ੍ਰਗਟਾਇਆ ਸੀ ਪਰ ਸ੍ਰੀ ਸੈਣੀ ਦੀ ਉਹ ਪਟੀਸ਼ਨ ਮੁੱਢੋਂ ਰੱਦ ਹੋ ਗਈ ਸੀ।
ਉਂਝ ਉਦੋਂ ਸ੍ਰੀ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਸੰਧੂ ਨੇ ਹੁਣ ਹਾਈ ਕੋਰਟ ਦਾ ਬੂਹਾ ਖੜਕਾਉਣ ਦੀ ਗੱਲ ਵੀ ਕੀਤੀ ਸੀ।
ਚੇਤੇ ਰਹੇ ਕਿ ਜਦੋਂ ਵਿਜੀਲੈਂਸ ਬਿਊਰੋ ਨੇ ਆਪਣੀ ਕਲੋਜ਼ਰ ਰਿਪੋਰਟ ਪੇਸ਼ ਕੀਤੀ ਸੀ, ਤਦ ਸ੍ਰੀ ਸੈਣੀ ਨੇ ਆਪਣੀ ਪਟੀਸ਼ਨ ਦਾਖ਼ਲ ਕਰ ਕੇ ਕਿਹਾ ਸੀ ਕਿ ਇਸ ਮਾਮਲੇ ਦੀ ਫ਼ਾਈਲ ਬੰਦ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇ।
ਪਹਿਲਾਂ ਦੀਆਂ ਅਦਾਲਤੀ ਕਾਰਵਾਈ ਦੌਰਾਨ ਪੰਜਾਬ ਸਰਕਾਰ ਦੇ ਪ੍ਰੌਸੀਕਿਊਸ਼ਨ ਵਿਭਾਗ ਨੇ ਅਦਾਲਤ ਸਾਹਵੇਂ ਦਾਅਵਾ ਕੀਤਾ ਸੀ ਕਿ ਵਿਜੀਲੈਂਸ ਬਿਊਰੋ (VB – Vigilance Bureau) ਨੇ ਇਹ ਮਾਮਲਾ ਬੰਦ ਕਰਨ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਸੀ; ਉਸ ਨੂੰ ਚੁਣੌਤੀ ਦੇਣ ਦਾ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਕੋਈ ਅਧਿਕਾਰ ਹੀ ਨਹੀਂ ਹੈ, ਇਸ ਲਈ ਇਹ ਮਾਮਲਾ ਖ਼ਾਰਜ ਕਰ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰੀ ਧਿਰ ਨੇ ਸਾਲ 2007 ਤੋਂ ਲੈ ਕੇ 2012 ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਜਾਂਚ ਉੱਤੇ ਵੀ ਸੁਆਲ ਖੜ੍ਹਾ ਕੀਤਾ ਸੀ। ਇੱਥੇ ਵਰਨਣਯੋਗ ਹੈ ਕਿ ਇਨ੍ਹਾਂ ਵਰਿ੍ਹਆਂ ਦੌਰਾਨ ਸ੍ਰੀ ਸੁਮੇਧ ਸਿੰਘ ਸੈਣੀ ਹੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਹੁੰਦੇ ਸਨ।
ਇੱਥੇ ਵਰਨਣਯੋਗ ਹੈ ਕਿ ਸ੍ਰੀ ਸੈਣੀ ਨੇ ਪਹਿਲਾਂ ਅਦਾਲਤ ਸਾਹਵੇਂ ਬੇਨਤੀ ਕੀਤੀ ਸੀ ਕਿ ਸਿਟੀ ਸੈਂਟਰ ਘੁਟਾਲੇ ਵਾਲਾ ਕੇਸ ਬੰਦ ਕਰਨ ਤੋਂ ਪਹਿਨਾ ਉਨ੍ਹਾਂ ਦੀ ਸੁਣਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਦੇ ਜਵਾਬ ਵਿੱਚ ਪ੍ਰੌਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੇ ਸਿੰਗਲਾ ਨੇ ਕਿਹਾ ਸੀ,’ਸੁਮੇਧ ਸੈਣੀ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵਜੋਂ ਡਿਊਟੀ ਦਿੰਦਿਆਂ ਕਦੇ ਵੀ ਖ਼ੁਦ ਨਿਜੀ ਤੌਰ ‘ਤੇ’ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ। ਇਸ ਲਈ ਜਦੋਂ ਉਹ ਅਹੁਦੇ ਤੋਂ ਸੇਵਾ–ਮੁਕਤ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਦਾ ਇਸ ਮਾਮਲੇ ਵਿੱਚ ਪੇਸ਼ ਹੋਣ ਦਾ ਕੋਈ ਅਧਿਕਾਰ ਹੀ ਨਹੀਂ ਬਣਦਾ।’ਸਿਟੀ ਸੈਂਟਰ ਯੋਜਨਾ ਨੂੰ ਪੰਜਾਬ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਜੋਂ ਪੇਸ਼ ਕੀਤਾ ਗਿਆ ਸੀ ਤੇ ਇਨ੍ਹਾਂ ਦੀ ਸ਼ੁਰੂਆਤ 2006 ਵਿੱਚ ਹੋਈ ਸੀ। ਲੁਧਿਆਣਾ ਸਥਿਤ ਇਸ ਕੰਪਲੈਕਸ ਵਿੱਚ ਸ਼ਾਪਿੰਗ ਮਾਲ, ਮਲਟੀ–ਪਲੈਕਸ, ਅਪਾਰਟਮੈਂਟਸ ਤੇ ਇੱਕ ਹੈਲੀਪੈਡ ਵੀ ਬਣਾਇਆ ਜਾਣਾ ਸੀ ਪਰ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਰਚ 2007 ਦੌਰਾਨ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਤੇ ਸਥਾਨਕ ਸਰਕਾਰਾਂ ਬਾਰੇ ਸਾਬਕਾ ਮੰਤਰੀ ਜਗਜੀਤ ਸਿੰਘ (ਹੁਣ ਸਵਰਗੀ) ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਦਾਅਵਾ ਇਹ ਕੀਤਾ ਗਿਆ ਸੀ ਕਿ ਇਸ ਨਾਲ ਸੂਬੇ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ।