UK News

ਲੰਡਨ : ਔਰਤਾਂ ਦੀ ਸੁਰੱਖਿਆ ਲਈ ਪੁਲਸ ਵਿਭਾਗ ਵੱਲੋਂ ਹੋਵੇਗੀ ਸੈਂਕੜੇ ਨਵੇਂ ਅਧਿਕਾਰੀਆਂ ਦੀ ਤਾਇਨਾਤੀ

ਗਲਾਸਗੋ/ਲੰਡਨ-ਬਰਤਾਨਵੀ ਰਾਜਧਾਨੀ ਲੰਡਨ ’ਚ ਇਕ ਪੁਲਸ ਅਧਿਕਾਰੀ ਵੱਲੋਂ ਕੀਤੇ ਸਾਰਾਹ ਐਵਾਰਡ ਨਾਂ ਦੀ ਔਰਤ ਦੇ ਕਤਲ ਤੋਂ ਬਾਅਦ ਔਰਤਾਂ ਲਈ ਅਸੁਰੱਖਿਅਤ ਮਾਹੌਲ ਪੈਦਾ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਲੰਡਨ ਦੀ ਮੈਟਰੋਪਾਲਿਟਨ ਪੁਲਸ ਵੱਲੋਂ ਔਰਤਾਂ ਅਤੇ ਲੜਕੀਆਂ ਦੀ ਸੁਰੱਖਿਆ ਲਈ 650 ਨਵੇਂ ਅਧਿਕਾਰੀ ਤਾਇਨਾਤ ਕਰਨ ਦਾ ਵਾਅਦਾ ਕੀਤਾ ਗਿਆ ਹੈ, ਜੋ ਸ਼ਹਿਰ ਦੇ ਖੇਤਰਾਂ ’ਚ ਗਸ਼ਤ ਵਧਾਉਣਗੇ। ਇਸ ਤੋਂ ਇਲਾਵਾ ਪੁਲਸ ਵਿਭਾਗ ਨੇ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਨੂੰ ਪ੍ਰਕਾਸ਼ਿਤ ਕਰਨ ਦਾ ਵੀ ਵਾਅਦਾ ਕੀਤਾ ਹੈ।

ਮੀਟ ਪੁਲਸ ਅਨੁਸਾਰ 650 ਨਵੇਂ ਅਧਿਕਾਰੀ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ ’ਤੇ ਤਾਇਨਾਤ ਕੀਤੇ ਜਾਣਗੇ। ਇਸ ਦੇ ਨਾਲ ਹੀ ਸਕਾਟਲੈਂਡ ਯਾਰਡ ਨੇ ਵੀ ਗਸ਼ਤ ਵਧਾਉਣ ਅਤੇ ਹਿੰਸਾ ਤੇ ਪਰੇਸ਼ਾਨੀ ਲਈ ‘ਹੌਟਸਪੌਟ’ ਸਥਾਨਾਂ ਵਜੋਂ ਜਾਣੇ ਜਾਂਦੇ ਖੇਤਰਾਂ ’ਚ ਪੁਲਸ ਦੀ ਮੌਜੂਦਗੀ ਵਧਾਉਣ ਦਾ ਵਾਅਦਾ ਵੀ ਕੀਤਾ ਹੈ।