UK News

ਲੰਡਨ : ਨੌਜਵਾਨ ’ਤੇ ਹਮਲੇ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 6 ਨੂੰ ਹੋਈ ਕੈਦ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦੱਖਣੀ ਰਿਬਲ ਬਾਰੋ ’ਚ ਪੈਂਦੇ ਲੇਲੈਂਡ ਸ਼ਹਿਰ ’ਚ ਸਥਿਤ ਰੁਨਸ਼ਾ ਕਾਲਜ ਨੇੜੇ ਹੋਏ ਇਕ ਹਮਲੇ ਦੇ ਮਾਮਲੇ ’ਚ 6 ਲੋਕਾਂ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਹਮਲਾ 4 ਮਾਰਚ 2019 ਨੂੰ ਕੀਤਾ ਗਿਆ ਸੀ। ਪ੍ਰੈਸਟਨ ਕਰਾਊਨ ਕੋਰਟ ਨੇ ਪ੍ਰੈਸਟਨ ਦੀ ਪ੍ਰਿਮਰੋਜ਼ ਗਰੋਵ ਦੇ ਰਹਿਣ ਵਾਲੇ ਸ਼ਹਿਰੋਜ਼ ਅਹਿਮਦ (19) ਨੂੰ 14 ਮਹੀਨਿਆਂ ਦੀ, ਰਿੰਗਵੁੱਡ ਕਲੋਜ਼ ਦੇ ਮੁਰਾਦ ਮੁਹੰਮਦ (12) ਤੇ ਬ੍ਰੈਕਨਬਰੀ ਰੋਡ ਦੇ ਦਿਲਬਾਗ ਸਿੰਘ (19) ਨੂੰ 15-15 ਮਹੀਨਿਆਂ, ਅਲਬਰਟ ਟੈਰੇਜ ਦੇ ਆਦਮ ਖਾਨ (20) ਤੇ ਕਰਵੇਨ ਸਟਰੀਟ ਦੇ ਸਮਾਦੁਰ ਰਹਿਮਾਨ (20) ਨੂੰ 18-18 ਮਹੀਨਿਆਂ ਦੀ ਤੇ ਗੁਰਮੇਲ ਸਿੰਘ (20) ਵਾਸੀ ਬ੍ਰਾਈਨਿੰਗ ਵਰਨ ਲੇਨ ਨੂੰ 21 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।

 

ਅਦਾਲਤ ’ਚ ਦੱਸਿਆ ਗਿਆ ਕਿ 4 ਮਾਰਚ 2019 ਨੂੰ ਸ਼ਾਮੀ 4 ਵਜੇ ਕਈ ਲੋਕ ਕਾਰਾਂ ’ਚ ਘਟਨਾ ਸਥਾਨ ’ਤੇ ਪਹੁੰਚੇ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ, ਬੇਸਬਾਲ ਬੈਟ ਤੇ ਹਥੌੜੇ ਆਦਿ ਸਨ। ਉਹ ਵਾਰਡਨ ਪਾਰਕ ਸਾਈਡ ਦੇ ਕੈਂਪਸ ਪਹੁੰਚੇ ਤੇ ਵਿਦਿਆਰਥੀਆਂ ਨਾਲ ਭਿਗ ਗਏ, ਜਿਥੇ 17 ਸਾਲਾ ਲੜਕੇ ਦੀ ਬਾਂਹ ’ਤੇ ਗੰਭੀਰ ਜ਼ਖਮ ਹੋ ਗਏ। ਪੁਲਸ ਵੱਲੋਂ ਵਾਹਨ ’ਚੋਂ ਹਥਿਆਰ ਬਰਾਮਦ ਕਰਨ ਤੋਂ ਬਾਅਦ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਹੁਣ ਇਹ ਸਜ਼ਾ ਮਿਲੀ।