UK News

ਲੰਡਨ: ਯੂਰੋ ਕੱਪ ‘ਚ ਯੂਕਰੇਨ ਵਿਰੁੱਧ ਜਿੱਤ ਤੋਂ ਬਾਅਦ ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕਾਂ ਨੇ ਮਨਾਇਆ ਜਸ਼ਨ

ਗਲਾਸਗੋ/ਲੰਡਨ

 ਰਾਜਧਾਨੀ ਲੰਡਨ ਵਿੱਚ ਹਜ਼ਾਰਾਂ ਫੁੱਟਬਾਲ ਪ੍ਰਸ਼ੰਸਕਾਂ ਨੇ ਸ਼ਨੀਵਾਰ ਸ਼ਾਮ ਨੂੰ ਯੂਕਰੇਨ ਉੱਤੇ ਇੰਗਲੈਂਡ ਦੀ ਯੂਰੋ 2020 ਟੂਰਨਾਮੈਂਟ ਵਿੱਚ ਹੋਈ ਜਿੱਤ ਦਾ ਜਸ਼ਨ ਮਨਾਇਆ। ਲੰਡਨ ਵਿੱਚ ਲੋਕ ਆਪਣੀ ਖੁਸ਼ੀ ਮਨਾਉਣ ਲਈ ਸੜਕਾਂ ‘ਤੇ ਨਿੱਕਲ ਆਏ। ਸੈਂਕੜੇ ਫੁੱਟਬਾਲ ਪ੍ਰਸ਼ੰਸਕਾਂ ਨੇ ਪਿਕਾਡਲੀ ਸਰਕਸ ਵਿੱਚ ਸ਼ਾਫਟਸਬਰੀ ਮੈਮੋਰੀਅਲ ਫੁਹਾਰੇ ‘ਤੇ ਚੜ੍ਹ ਕੇ ਝੰਡੇ ਲਹਿਰਾਏ। 

ਇਸ ਜਿੱਤ ਦੇ ਜਸ਼ਨ ਵਿੱਚ ਲੋਕਾਂ ਨੇ ਖੁਸ਼ੀ ਨਾਲ ਲੰਡਨ ਦੀਆਂ ਸੜਕਾਂ ‘ਤੇ ਕਾਰਾਂ ਚਲਾਉਣ ਦੇ ਨਾਲ ਕੁਝ ਖੇਤਰਾਂ ਵਿੱਚ ਪਟਾਕੇ ਵੀ ਚਲਾਏ। ਸੈਂਕੜੇ ਪ੍ਰਸ਼ੰਸਕ ਲੈਸਟਰ ਸਕੁਏਅਰ ਵਿੱਚ ਵੀ ਇਕੱਠੇ ਹੋ ਕੇ ਰੌਲਾ ਪਾਉਂਦੇ ਹੋਏ ਬੀਅਰਾਂ ਪੀ ਰਹੇ ਸਨ। ਇਸ ਟੂਰਨਾਮੈਂਟ ਵਿੱਚ ਇੰਗਲੈਂਡ ਨੇ ਰੋਮ ਵਿੱਚ ਹੋਏ ਕੁਆਰਟਰ ਫਾਈਨਲ ਮੈਚ ਵਿੱਚ ਯੂਕਰੇਨ ਨੂੰ 4-0 ਨਾਲ ਹਰਾਇਆ ਹੈ ਅਤੇ ਹੁਣ ਬੁੱਧਵਾਰ ਨੂੰ ਵੇਂਬਲੇ ਵਿੱਚ ਸੈਮੀਫਾਈਨਲ ਦਾ ਮੁਕਾਬਲਾ ਡੈਨਮਾਰਕ ਨਾਲ ਸ਼ਾਮ 8 ਵਜੇ ਹੋਵੇਗਾ। ਲੰਡਨ ਦੀ ਮੈਟਰੋਪੋਲੀਟਨ ਪੁਲਸ ਨੇ ਵੀ ਇੱਕ ਟਵੀਟ ਰਾਹੀਂ ਇੰਗਲੈਂਡ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਜਸ਼ਨਾਂ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਦੀ ਅਪੀਲ ਕੀਤੀ।