UK News

ਲੰਡਨ : 19 ਜੁਲਾਈ ਤੋਂ ਬਾਅਦ ਵੀ ਟਿਊਬ, ਬੱਸਾਂ ਅਤੇ ਰੇਲ ਗੱਡੀਆਂ ਦੇ ਸਫਰ ਦੌਰਾਨ ਫੇਸ ਮਾਸਕ ਰਹੇਗਾ ਜ਼ਰੂਰੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਦੇ ਪ੍ਰਧਾਨ ਮੰਤਰੀ ਵੱਲੋਂ 19 ਜੁਲਾਈ ਨੂੰ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਹਟਾਉਣ ਲਈ ਤੈਅ ਕੀਤਾ ਗਿਆ ਹੈ। ਜਿਸ ਵਿੱਚ ਫੇਸ ਮਾਸਕ ਪਾਉਣਾ ਵੀ ਜ਼ਰੂਰੀ ਨਹੀਂ ਹੋਵੇਗਾ। ਇਸ ਦੌਰਾਨ ਰਾਸ਼ਟਰੀ ਰੇਲ ਓਪਰੇਟਰਾਂ ਅਨੁਸਾਰ ਫੇਸ ਮਾਸਕ ਦੀ ਵਰਤੋਂ 19 ਜੁਲਾਈ ਤੋਂ ਲੰਡਨ ਦੀ ਆਵਾਜਾਈ ‘ਤੇ ਅਜੇ ਵੀ ਲੋੜੀਂਦੀ ਰਹੇਗੀ। ਟ੍ਰਾਂਸਪੋਰਟ ਫਾਰ ਲੰਡਨ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਜਾਵੇਗਾ ਜਿਸ ਵਿੱਚ 19 ਜੁਲਾਈ ਤੋਂ ਬਾਅਦ ਲੰਡਨ ਦੀਆਂ ਟਿਊਬਜ਼ ਅਤੇ ਹੋਰ ਟ੍ਰਾਂਸਪੋਰਟ ਸੇਵਾਵਾਂ ‘ਤੇ ਫੇਸ ਮਾਸਕ ਪਹਿਨਣਾ ਜ਼ਰੂਰੀ ਰਹੇਗਾ।

ਹਾਲਾਂਕਿ ਇੰਗਲੈਂਡ ਵਿੱਚ ਰਾਸ਼ਟਰੀ ਰੇਲ ਅਤੇ ਬੱਸ ਆਪਰੇਟਰਾਂ ਨੇ ਕਿਹਾ ਹੈ ਕਿ ਉਹ ਸਿਰਫ ਯਾਤਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਕਰਨਗੇ। ਏਅਰਲਾਈਨਾਂ ਨੇ ਪਹਿਲਾਂ ਹੀ ਇਹ ਸੰਕੇਤ ਦਿੱਤਾ ਹੈ ਕਿ ਉਹ ਮੁਸਾਫਰਾਂ ਨੂੰ ਮਾਸਕ ਪਹਿਨਣ ਦੀ ਮੰਗ ਕਰਦੇ ਰਹਿਣਗੇ। ਲੰਡਨ ਦੇ ਮੇਅਰ ਸਾਦਿਕ ਖਾਨ ਅਨੁਸਾਰ ਉਹ ਮਾਸਕ ਪਹਿਨਣ ਦੀ ਜ਼ਰੂਰਤ ਨੂੰ ਬਣਾਈ ਰੱਖਣਾ ਚਾਹੁੰਦੇ ਹਨ ਅਤੇ ਟੀ ਐੱਫ ਐੱਲ ਕਮਿਸ਼ਨਰ ਐਂਡੀ ਬਾਈਫੋਰਡ, ਟਿਊਬ, ਬੱਸ ਅਤੇ ਰੇਲ ਗੱਡੀ ਆਦਿ ਜਨਤਕ ਆਵਾਜਾਈ ਸਾਧਨਾਂ ‘ਤੇ ਯਾਤਰਾ ਦੌਰਾਨ ਫੇਸ ਮਾਸਕ ਨੂੰ ਜ਼ਰੂਰੀ ਕਰਨਗੇ। ਮੇਅਰ ਖਾਨ ਨੇ ਜਾਣਕਾਰੀ ਦਿੱਤੀ ਕਿ ਫੇਸ ਮਾਸਕ ਲਾਜ਼ਮੀ ਰੱਖਣ ਨਾਲ ਲੰਡਨ ਵਾਸੀਆਂ ਅਤੇ ਸੈਲਾਨੀਆਂ ਨੂੰ ਵਾਇਰਸ ਤੋਂ ਸੁਰੱਖਿਆ ਦੇ ਨਾਲ-ਨਾਲ ਟਰਾਂਸਪੋਰਟ ਕਰਮਚਾਰੀਆਂ ਦੀ ਰੱਖਿਆ ਵੀ ਕੀਤੀ ਜਾ ਸਕੇਗੀ।