World

ਵਿਸ਼ਵ ਪੰਜਾਬੀ ਸਾਹਿੱਤ ਅਕਾਦਮੀ ਦੇ ਵਿਸ਼ੇਸ਼ ਸਮਾਗਮ ਦੌਰਾਨ 2 ਪੁਸਤਕਾਂ ਲੋਕ ਅਰਪਣ

ਫਰਿਜ਼ਨੋ (ਕੈਲੀਫੋਰਨੀਆਂ)- ਕੈਲੀਫੋਰਨੀਆਂ ਦੀ ਸ਼ੈਟਰਲ ਵੈਲੀ ਦੇ ਸ਼ਹਿਰ ਫਰਿਜ਼ਨੋ ‘ਚ ‘ਵਿਸ਼ਵ ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆਂ’ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਕਵੀ ਹਰਜਿੰਦਰ ਕੰਗ ਨੇ ਸਭ ਨੂੰ ਜੀ ਆਇਆ ਕਹਿੰਦੇ ਹੋਏ ਕੀਤੀ। ਇਸ ਉਪਰੰਤ ਲੇਖਕ ਸੰਤੋਖ ਸਿੰਘ ਮਿਨਹਾਸ ਨੇ ਪੁਸਤਕਾਂ ਸੰਬੰਧੀ ਪਰਚਾ ਪੜਿਆ। ਪ੍ਰਸਿੱਧ ਕਹਾਣੀਕਾਰ ਕਰਮ ਸਿੰਘ ਮਾਨ ਨੇ ਆਪਣੇ ਵਿਚਾਰਾ ਦੀ ਸਾਂਝ ਪਾਈ। ਇਸ ਬਾਅਦ 2 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆ। ਜਿੰਨਾਂ ‘ਚ ਇਕ ਪੁਸਤਕ ਪੰਜਾਬੀ ਪੱਤਰਕਾਰੀ ਵਿਚ ਬਤੌਰ ਸੰਪਾਦਕ ਸੇਵਾਵਾ ਨਿਭਾ ਚੁੱਕੇ ਤੇ ਟੀ.ਵੀ. ਦੀ ਮਾਧਿਅਮ ਰਾਹੀ ਵੱਖ-ਵੱਖ ਵਿਸ਼ਿਆਂ ‘ਤੇ ਕੰਮ ਕਰ ਚੁੱਕੀ ਜਾਣੀ ਪਹਿਚਾਣੀ ਸ਼ਖ਼ਸੀਅਤ ਦਮਦਮੀ ਸਿੱਧੂ, ਜਿੰਨਾਂ ਦਾ ਅਸਲ ਨਾਂ ਗੁਰਮੇਲ ਸਿੰਘ ਸਿੱਧੂ ਹੈ।


ਉਨ੍ਹਾਂ ਦੀ ਪੱਤਰਕਾਰੀ ਦੌਰਾਨ ਹੋਈਆ ਘਟਨਾਵਾਂ ਤੇ ਖਬਰਾਂ ‘ਤੇ ਅਧਾਰਿਤ ਪੁਸਤਕ “ਖ਼ਬਰ ਖਤਮ” ਲੋਕ ਅਰਪਣ ਕੀਤੀ ਗਈ। ਜਦਕਿ ਦੂਜੀ ਪੁਸਤਕ ਪਾਕਿਸਤਾਨ ਤੋਂ ਅਮਰੀਕਾ ਵਸਦੇ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਕਵੀ, ਗਾਇਕ ਤੇ ਲੇਖਕ ਅਸ਼ਰਫ ਗਿੱਲ ਦੀ ਪੁਸਤਕ “ਮੇਰੇ ਭਾਰਤੀ ਸਫ਼ਰਨਾਮੇ” ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈ ਗਈ। ਇਸ ਪੁਸਤਕ ‘ਚ ਅਸ਼ਰਫ ਗਿੱਲ ਨੇ ਜਿੱਥੇ ਭਾਰਤ ਦੀ ਯਾਤਰਾ ਦਾ ਬਿਰਤਾਂਤ ਬਾ-ਖ਼ੂਬੀ ਬਿਆਨ ਕੀਤਾ, ਉੱਥੇ ਪੰਜਾਬੀ ਦੇ ਬਹੁਤ ਵੱਡੇ ਲੇਖਕਾਂ ਦੇ ਅਸਲ ਚਿਹਰੇ ਤੇ ਵਰਤਾਅ ਨੂੰ ਨੰਗਿਆਂ ਕੀਤਾ ਹੈ। ਦੋਨੋ ਪੁਸਤਕਾਂ ਪੜਨਯੋਗ ਹਨ। 

 


ਇਸ ਸਮਾਗਮ ਦੇ ਅੰਤਮ ਪੜਾ ‘ਚ ਕਵੀ ਦਰਬਾਰ ਕਰਵਾਇਆਂ ਗਿਆ। ਜਿਸ ‘ਚ ਸਥਾਨਕ ਨਾਮਵਰ ਕਵੀਆ ਵਿੱਚ ਹਰਜਿੰਦਰ ਕੰਗ, ਸੰਤੋਖ ਮਿਨਹਾਸ, ਡਾ. ਅਰਜੁਨ ਜੋਸ਼ਨ, ਦਲਜੀਤ ਰਿਆੜ, ਹਰਜਿੰਦਰ ਢੇਸੀ, ਗਾਇਕ ਅਵਤਾਰ ਗਰੇਵਾਲ, ਅੰਜੂ ਮੀਰਾਂ, ਜੱਗਾ ਗਿੱਲ, ਸੁੱਖੀ ਧਾਲੀਵਾਲ, ਰਮਨ ਵਿਰਕ, ਪਵਿੱਤਰ ਮਾਟੀ, ਅਸਰਫ ਗਿੱਲ ਆਦਿਕ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਅੰਤ ਆਪਣੀ ਅਮਿੱਟ ਪੈੜਾ ਛੱਡਦਾ ਪੰਜਾਬੀ ਮਾਂ ਬੋਲੀ ਦੇ ਮੋਹ ‘ਚ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।