India News Punjab News

ਵੈਕਸੀਨ ਦੀ ਘਾਟ ‘ਤੇ ਕੇਂਦਰ ਨੇ ਘੇਰਿਆ ਪੰਜਾਬ, ਕਿਹਾ- ਕੋਰੋਨਾ ਟੀਕਿਆਂ ਦੀ ਪੂਰੀ ਖੇਪ ਨਹੀਂ ਕੀਤੀ ਇਸਤੇਮਾਲ

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਹੁਣ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਸੂਬਿਆਂ ‘ਚ ਵੈਕਸੀਨ ਦੀ ਘਾਟ ਦੀਆਂ ਖ਼ਬਰਾਂ ਹਾਲੇ ਵੀ ਸਾਹਮਣੇ ਆ ਰਹੀਆਂ ਹਨ। ਇਸ ਵਿਚ ਕੇਂਦਰੀ ਸਿਹਤ ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 1.65 ਕਰੋੜ ਵੈਕਸੀਨ ਦੀਆਂ ਡੋਜ਼ ਉਪਲੱਬਧ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ, ਘੱਟੋ-ਘੱਟ 9 ਸੂਬਿਆਂ ਨੇ ਜਨਵਰੀ ਅਤੇ ਮਾਰਚ ਦਰਮਿਆਨ ਉਨ੍ਹਾਂ ਨੂੰ ਸਪਲਾਈ ਕੀਤੀ ਗਈ ਕੋਰੋਨਾ ਵੈਕਸੀਨ ਦੀ ਖੁਰਾਕ ਨੂੰ ਪੂਰਾ ਇਸਤੇਮਾਲ ਕੀਤਾ ਹੀ ਨਹੀਂ। ਇਸ ਕਾਰਨ ਮਹਾਮਾਰੀ ਵਿਰੁੱਧ ਟੀਕਾਕਰਨ ਮੁਹਿੰਮ ਹੌਲੀ ਹੋ ਗਈ।

 

ਦੱਸਣਯੋਗ ਹੈ ਕਿ ਭਾਰਤ ਨੇ 16 ਜਨਵਰੀ ਨੂੰ ਕੋਰੋਨਾ ਵਿਰੁੱਧ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਸੀ। 31 ਮਾਰਚ ਤੱਕ ਚੱਲੀ ਮੁਹਿੰਮ ਦੇ ਪਹਿਲੇ 2 ਪੜਾਵਾਂ ‘ਚ ਵਿਸ਼ੇਸ਼ ਰੂਪ ਨਾਲ ਸਿਹਤ ਸੇਵਾ ਅਤੇ ਫਰੰਟਲਾਈਨ ਵਰਕਰਾਂ ਨੂੰ ਕਵਰ ਕੀਤਾ ਗਿਆ। ਇਸ ਤੋਂ ਬਾਅਦ 60 ਸਾਲ ਤੋਂ ਵੱਧ ਉਮਰ ਅਤੇ ਫਿਰ 45 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਵੈਕਸੀਨ ਦਿੱਤੀ ਗਈ। 

ਇਕ ਡਾਟਾ ਤੋਂ ਪਤਾ ਲੱਗਾ ਹੈ ਕਿ ਰਾਜਸਥਾਨ, ਪੰਜਾਬ, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼ ਝਾਰਖੰਡ, ਕੇਰਲ, ਮਹਾਰਾਸ਼ਟਰ ਅਤੇ ਦਿੱਲੀ ਨੇ ਉਨ੍ਹਾਂ ਨੂੰ ਦਿੱਤੀ ਗਈ ਵੈਕਸੀਨ ਦਾ ਪੂਰਾ ਇਸਤੇਮਾਲ ਕੀਤਾ ਹੀ ਨਹੀਂ। ਇਕ ਸਰਕਾਰੀ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ,”ਇਹ ਸੂਬੇ, ਜਨਵਰੀ, ਫਰਵਰੀ ਅਤੇ ਮਾਰਚ ‘ਚ ਕੇਂਦਰ ਵਲੋਂ ਟੀਕਿਆਂ ਦੀ ਚੰਗੀ ਸਪਲਾਈ ਦੇ ਬਾਵਜੂਦ, ਆਪਣੀ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਪ੍ਰਭਾਵੀ ਢੰਗ ਨਾਲ ਟੀਕਾ ਲਗਾਉਣ ‘ਚ ਅਸਫ਼ਲ ਰਹੇ।” ਉਨ੍ਹਾਂ ਸਾਰੇ ਸੂਬਿਆਂ ਨੂੰ ਸਰਕਾਰ ਨੇ ਹਰ ਮਹੀਨੇ ਟੀਕਿਆਂ ਦੀ ਗਿਣਤੀ ਵਧਾ ਹੀ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਵੈਕਸੀਨ ਨੂੰ ਲੈ ਕੇ ਜਾਗਰੂਕਤਾ ਦੀ ਕਮੀ ਅਤੇ ਝਿਜਕ ਕਾਰਨ ਵੀ ਟੀਕਾਕਰਨ ਹੌਲੀ ਰਿਹਾ।