Punjab News

ਵੱਡੀ ਖ਼ਬਰ: ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਕੀਤੀ ਗਈ ਪਹਿਲੀ ਮੀਟਿੰਗ ਰਹੀ ਬੇਸਿੱਟਾ

ਜਲੰਧਰ/ਚੰਡੀਗੜ੍ਹ- ਕਿਸਾਨਾਂ ਅਤੇ ਪੰਜਾਬ ਸਰਕਾਰ ਵਿਚਾਲੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਕੀਤੀ ਗਈ ਅੱਜ ਦੀ ਮੀਟਿੰਗ ਬੇਸਿੱਟਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਗੰਨੇ ਦੀ ਲਾਗਤ ਮੁੱਲ ਨੂੰ ਲੈ ਕੇ ਕਾਫ਼ੀ ਦੇਰ ਤੱਕ ਚਰਚਾ ਹੁੰਦੀ ਰਹੀ। ਕਿਸਾਨ ਦਾਅਵਾ ਕਰ ਰਹੇ ਸਨ ਕਿ ਗੰਨੇ ਦੀ ਕੌਸਟ ਆਫ਼ ਪ੍ਰੋਡਕਸ਼ਨ 385 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈ ਰਹੀ ਹੈ ਜਦਕਿ ਸਰਕਾਰ ਇਹ ਮੰਨ ਗਈ ਸੀ ਕਿ 350 ਰੁਪਏ ਪ੍ਰਤੀ ਕੁਇੰਟਲ ਦੀ ਲਾਗਤ ਪੈ ਸਕਦੀ ਹੈ। ਕਾਫ਼ੀ ਦੇਰ ਤੱਕ ਚੱਲੀ ਮੀਟਿੰਗ ਦੌਰਾਨ ਕਿਸਾਨ ਅੜੇ ਰਹੇ ਕਿ ਗੰਨੇ ਦਾ ਭਾਅ 400 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਕੋਈ ਹੱਲ ਨਾ ਨਿਕਲਦਾ ਵੇਖ ਮੀਟਿੰਗ ਨੂੰ ਖ਼ਤਮ ਕਰ ਦਿੱਤਾ ਗਿਆ ਜਦਕਿ ਨਤੀਜਾ ਬੇਸਿੱਟਾ ਰਿਹਾ। ਇਥੇ ਦੱਸ ਦੇਈਏ ਕਿ ਕਿਸਾਨਾਂ ਅਤੇ ਸਰਕਾਰ ਦੀ ਹੁਣ ਅਗਲੀ ਮੀਟਿੰਗ ਕੱਲ੍ਹ ਯਾਨੀ ਸੋਮਵਾਰ ਦੁਪਹਿਰ ਸਾਢੇ ਤਿੰਨ ਵਜੇ ਰੱਖੀ ਗਈ ਹੈ। ਇਸ ’ਚ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦੇ ਸਹਿਕਾਰਤਾ ਮਹਿਕਮੇ ਦੇ ਅਫ਼ਸਰ ਖੇਤੀਬਾੜੀ ਯੂਨੀਵਰਸਿਟੀ ਦੇ ਅਫ਼ਸਰ ਸ਼ਾਮਲ ਹੋਣਗੇ। 

ਜ਼ਿਕਰਯੋਗ ਹੈ ਕਿ ਗੰਨੇ ਦੀ ਕੀਮਤ ’ਚ ਵਾਧਾ ਅਤੇ ਬਕਾਇਆ ਰਾਸ਼ੀ ਲੈਣ ਲਈ ਪੰਜਾਬ ਸਰਕਾਰ ਖ਼ਿਲਾਫ਼ ਜਲੰਧਰ ਦਿੱਲੀ ਨੈਸ਼ਨਲ-ਹਾਈਵੇਅ ’ਤੇ ਲੱਗੇ ਧਰਨਾ ਲਗਾਤਾਰ ਜਾਰੀ ਹੈ। ਬੀਤੇ ਦਿਨ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਮੰਗਲਵਾਰ ਸਵੇਰੇ ਦੱਸ ਵਜੇ ਤੱਕ ਜੇਕਰ ਕੈਪਟਨ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਵਿਚ ਹਾਈਵੇਅ ਜਾਮ ਕੀਤੇ ਜਾਣਗੇ। ਇਸ ਦੀ ਜਾਣਕਾਰੀ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਲੀਡਰ ਮਨਜੀਤ ਸਿੰਘ ਰਾਏ ਵੱਲੋਂ ਦਿੱਤੀ ਗਈ ਸੀ। ਇਸ ਦੇ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਜ ਦੀ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ। 

ਫਿਲਹਾਲ ਧੰਨੋਵਾਲੀ ਰੇਲਵੇ ਫਾਟਕ ਅਤੇ ਜਲੰਧਰ ਦਿੱਲੀ ਨੈਸ਼ਨਲ ਹਾਈਵੇਅ ਪੂਰਨ ਤੌਰ ’ਤੇ ਬੰਦ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੱਖੜੀ ਦਾ ਤਿਉਹਾਰ ਹੋਣ ਕਰਕੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਵੀ ਰਨਾ ਪੈ ਰਿਹਾ ਹੈ। ਜਲੰਧਰ ਦੇ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਜਾਮ ਹਨ ਅਤੇ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਕਈ ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਜਦਕਿ ਕਈਆਂ ਦਾ ਰੂਟ ਡਾਇਵਰਟ ਕੀਤਾ ਗਿਆ ਹੈ।