Punjab News

ਵੱਡੀ ਖ਼ਬਰ : ਰਜ਼ੀਆ ਸੁਲਤਾਨਾ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ/ਪਟਿਆਲਾ )- ਕੁਝ ਦਿਨ ਦੀ ਸ਼ਾਂਤੀ ਤੋਂ ਬਾਅਦ ਕਾਂਗਰਸ ‘ਚ ਫਿਰ ਘਸਮਾਨ ਮਚ ਗਿਆ ਹੈ । ਡੀ.ਜੀ.ਪੀ., ਏ ਜੀ ਦੀ ਨਿਯੁਕਤੀ ਤੋਂ ਭੜਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਰਿਹਾਇਸ਼ ਤੇ ਆ ਕੇ ਆਪਣਾ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋ ਬਾਅਦ ਇਥੇ ਪੁੱਜੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਪਟਿਆਲਾ ਵਿਖੇ ਸਿੱਧੂ ਨਾਲ ਮੀਟਿੰਗ ਕਰਨ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ ਤੇ ਕਈ ਹੋਰ ਅਸਤੀਫਿਆਂ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ। ਇਸ ਘਟਨਾਕ੍ਰਮ ਤੋ ਬਾਅਦ ਕਾਂਗਰਸ ਦੀ ਆਪਸੀ ਜੰਗ ਹੋਰ ਤੇਜ਼ ਹੋ ਗਈ ਹੈ।

ਨਵਜੋਤ ਸਿੰਘ ਪਟਿਆਲਾ ਸਥਿਤ ਕੋਠੀ ਵਿਖੇ ਉਨਾਂ ਦੇ ਸਲਾਹਕਾਰ ਮੁਹੰਮਦ ਮੁਸਤਫਾ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਇੰਦਰਪ੍ਰੀਤ ਸਿੰਘ ਬੁਲਾਰਿਆ, ਸੁਖਪਾਲ ਸਿੰਘ ਖਹਿਰਾ, ਕਾਂਗਰਸ ਦੇ ਖਜ਼ਾਨਚੀ ਚਹਿਲ, ਲੋਕ ਸਭਾ ਮੈਂਬਰ ਅਮਰ ਸਿੰਘ ਵੀ ਮੋਜੂਦ ਹਨ ਤੇ ਚੱਲ ਰਹੇ ਘਟਨਾਕ੍ਰਮ ਤੇ ਮੀਟਿੰਗ ਚੱਲ ਰਹੀ ਹੈ। ਸਿੱਧੂ ਕੈਬਨਿਟ ਮੰਤਰੀਆਂ ‘ਚ ਉਨਾਂ ਦੇ ਖਾਸ ਕੁਲਜੀਤ ਸਿੰਘ ਨਾਗਰਾ ਦਾ ਨਾਂ ਕੱਟਣ ਅਤੇ ਡੀ.ਜੀ.ਪੀ. , ਏ.ਜੀ. ਉਨਾਂ ਦੀ ਪਸੰਦ ਦਾ ਨਾ ਲਾਉਣ ਤੋ ਲੰਘੇ ਕੱਲ ਤੋਂ ਹੀ ਉਦਾਸ ਚੱਲੇ ਆ ਰਹੇ ਸਨ ਅਤੇ ਅੱਜ ਮੰਤਰਾਲਿਆਂ ਦੀ ਵੰਡ ‘ਚ ਜਿਥੇ ਗ੍ਰਹਿ ਵਿਭਾਗ ਡਿਪਟੀ ਸੀ.ਐਮ. ਸੁਖਜਿੰਦਰ ਰੰਧਾਵਾ ਨੂੰ ਦਿੱਤਾ ਜਿਸ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ। ਇਥੋ ਤੱਕ ਕਿ ਉਨਾਂ ਦੇ ਕਈ ਪਸੰਦ ਦੇ ਮੰਤਰੀਆਂ ਨੂੰ ਅਹਿਮ ਮੰਤਰਾਲੇ ਨਹੀਂ ਦਿੱਤੇ ਗਏ ਜਿਸ ਨਾਲ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਕੇ ਧਮਾਕਾ ਕਰ ਦਿੱਤਾ।  

ਸੀ.ਐੱਮ. ਚੰਨੀ ਦੇ ਆਉਣ ਦੀਆਂ ਚਰਚਾਵਾਂ
ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਪਟਿਆਲਾ ਉਨ੍ਹਾਂ ਦੀ ਰਿਹਾਇਸ਼ ਵਿਖੇ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੇ ਆਉਣ ਦੀਆਂ ਲਗਾਤਾਰ ਚਰਚਾਵਾਂ ਤੇਜ਼ ਰਹੀਆਂ ਪਰ ਸੀ.ਐੱਮ. ਚੰਨੀ 8ਵਜੇ ਤੱਕ ਨਹੀਂ ਸਨ ਪੁੱਜੇ ਅਤੇ ਨਾ ਹੀ ਸੀ.ਐੱਮ. ਲਈ ਕੋਈ ਸਕਿਉਰਟੀ ਲਗਾਈ ਗਈ ਸੀ।        

 

ਸ਼੍ਰੋਮਣੀ ਅਕਾਲੀ ਦਲ ਅਤੇ ਆਪ ਪੂਰੀ ਤਰ੍ਹਾਂ ਬਾਗੋ-ਬਾਗ 
ਨਵਜੋਤ ਸਿੰਘ ਸਿੱਧੂ ਦੇ ਰੁਸਣ ਤੋਂ ਬਾਅਦ ਕਾਂਗਰਸ ‘ਚ ਪਏ ਪਟਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬਾਗੋ-ਬਾਗ ਹਨ, ਜਿੱਥੇ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਟਵੀਟ ਕਰਕੇ ਚੁਸਕੀ ਲੈਂਦਿਆਂ ਆਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ‘ਚ ਆ ਕੇ ਮੁੱਖ ਮੰਤਰੀ ਦਾ ਚਹਿਰਾ ਬਣਨ ਅਸੀਂ ਰਲਕੇ ਕੰਮ ਕਰਾਂਗੇ। ਇਸ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵੀ ਪੂਰੀ ਤਰ੍ਹਾਂ ਚੁਸਕੀਆਂ ਲੈ ਰਹੇ ਹਨ।

ਸਿੱਧੂ ਦੇ ਅਸਤੀਫੇ ਤੋਂ ਬਾਅਦ ਪ੍ਰਨੀਤ ਕੌਰ ਨੂੰ ਪ੍ਰਧਾਨ ਬਣਾਉਣ ਦੀ ਮੰਗ ਉਠੀ 
ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਆਏ ਰਾਜਸੀ ਤੂਫਾਨ ਕਾਰਨ ਪਟਿਆਲਾ ਦੇ ਮੌਜੂਦਾ ਮੇਅਰ ਨੇ ਹਾਈਕਮਾਂਡ ਕੋਲੋ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਹਰਿੰਦਰ ਪਾਲ ਸਿੰਘ ਹੈਰੀਮਾਨ ਨੇ ਵੀ ਅੱਜ ਇੱਥੇ ਆਖਿਆ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਸਭ ਦੇ ਸਾਂਝੇ ਨੇਤਾ ਹਨ, ਇਸ ਲਈ ਕਾਂਗਰਸ ਨੂੰ ਚਲਾਉਣ ਲਈ ਉਨ੍ਹਾਂ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ। ਕਾਂਗਰਸ ਦੇ ਕਈ ਹੋਰ ਨੇਤਾ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਸ਼ਾਂਤ ਸਨ, ਅੱਜ ਉਠ ਖੜੇ ਹੋਏ ਹਨ। ਊਨ੍ਹਾਂ ਨੇ ਪ੍ਰਨੀਤ ਕੌਰ ਦੇ ਹੱਕ ‘ਚ ਡਕਾ ਸੁੱਟਿਆ ਹੈ।