UK News

ਸਕਾਟਲੈਂਡ ਆਪਣੇ ਪੱਧਰ ’ਤੇ ਸ਼ੁਰੂ ਕਰੇਗਾ ਕੋਰੋਨਾ ਨਾਲ ਨਜਿੱਠਣ ਸਬੰਧੀ ਜਾਂਚ

ਗਲਾਸਗੋ-ਸਕਾਟਲੈਂਡ ਦੀ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਮਾਮਲਿਆਂ ਦੀ ਜਨਤਕ ਜਾਂਚ ਨੂੰ ਇਸ ਸਾਲ ਦੇ ਅਖੀਰ ’ਚ ਆਪਣੇ ਪੱਧਰ ’ਤੇ ਕਰਨ ਦੀ ਯੋਜਨਾ ਬਣਾਈ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟ੍ਰਜਨ ਅਨੁਸਾਰ ਸਕਾਟਲੈਂਡ ਵੱਲੋਂ ਆਪਣੀ ਇੱਕ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ ਸਥਾਪਿਤ ਕੀਤੀ ਜਾਵੇਗੀ। ਆਪਣੀ ਕੋਵਿਡ ਸਬੰਧੀ ਵਿਸ਼ੇਸ਼ ਵਾਰਤਾ ’ਚ ਐਲਾਨ ਦੀ ਪੁਸ਼ਟੀ ਕਰਦਿਆਂ ਸਟ੍ਰਜਨ ਨੇ ਕਿਹਾ ਕਿ ਜਿੰਨੀ ਛੇਤੀ ਹੋ ਸਕੇ, ਵਿਧਾਨਕ ਜਾਂਚ ਸ਼ੁਰੂ ਕਰਨਾ ਉਚਿਤ ਹੈ ਅਤੇ ਇਸ ਲਈ ਪ੍ਰਸ਼ਾਸਨ ਨੇ ਜੱਜ ਨਿਯੁਕਤ ਕਰਨ ਲਈ ਵਿਚਾਰ-ਵਟਾਂਦਰੇ ਸ਼ੁਰੂ ਕਰ ਦਿੱਤੇ ਹਨ।

ਇਸ ਤੋਂ ਇਲਾਵਾ ਸਟ੍ਰਜਨ ਅਨੁਸਾਰ ਵਾਇਰਸ ਦੇ ਸਾਹਮਣੇ ਆ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੁਝ ਕੋਵਿਡ ਨਿਯਮ ਦੁਬਾਰਾ ਲਾਗੂ ਕੀਤੇ ਜਾ ਸਕਦੇ ਹਨ। ਇਸ ਜਾਂਚ ਤਹਿਤ ਸਰਕਾਰ ਮਨੁੱਖੀ ਅਧਿਕਾਰਾਂ-ਆਧਾਰਿਤ ਪਹੁੰਚ ਨੂੰ ਅਪਣਾਏਗੀ ਅਤੇ ਉਨ੍ਹਾਂ ਸਾਰੇ ਖੇਤਰਾਂ ਦੀ ਜਾਂਚ ਕਰੇਗੀ, ਜੋ ਸਕਾਟਿਸ਼ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਹਨ, ਜਿਸ ’ਚ ਕੇਅਰ ਹੋਮਜ਼ ’ਚ ਹੋਈਆਂ ਮੌਤਾਂ ਵੀ ਸ਼ਾਮਲ ਹਨ ਅਤੇ ਸਕਾਟਿਸ਼ ਸਰਕਾਰ ਆਪਣੀ ਜਾਂਚ ਬਾਰੇ ਯੂ. ਕੇ. ਸਰਕਾਰ ਨਾਲ ਸੰਪਰਕ ਜਾਰੀ ਰੱਖੇਗੀ।