UK News

ਸਕਾਟਲੈਂਡ: ਕੋਵਿਡ ਕੇਸਾਂ ‘ਚ ਵਾਧੇ ਕਾਰਨ 60 ਸਕੂਲ ਹੋਏ ਪ੍ਰਭਾਵਿਤ

ਗਲਾਸਗੋ: ਸਕਾਟਲੈਂਡ ਵਿੱਚ ਵਾਇਰਸ ਦੀ ਲਾਗ ਦੇ ਕੇਸਾਂ ਦੇ ਮੱਦੇਨਜ਼ਰ ਐੱਨ ਐੱਚ ਐੱਸ ਬੋਰਡ ਵੱਲੋਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ। ਸਕਾਟਲੈਂਡ ਦੇ ਇੱਕ ਐੱਨ ਐੱਚ ਐੱਸ ਬੋਰਡ ਨੇ ਇੱਕ ਹਫਤੇ ਵਿੱਚ 1000 ਕੋਰੋਨਾ ਵਾਇਰਸ ਦੇ ਕੇਸ ਦਰਜ ਕੀਤੇ ਹਨ ਅਤੇ ਇਹਨਾਂ ਕੇਸਾਂ ਕਾਰਨ ਤਕਰੀਬਨ 60 ਸਕੂਲ ਪ੍ਰਭਾਵਿਤ ਹੋ ਰਹੇ ਹਨ। 

16 ਅਗਸਤ ਤੋਂ 22 ਅਗਸਤ ਤੱਕ ਐੱਨ ਐੱਚ ਐੱਸ ਹਾਈਲੈਂਡ ਵਿੱਚ 1000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਸ ਨਾਲ ਪਰਿਵਾਰਾਂ, ਸਥਾਨਕ ਸਕੂਲ ਅਤੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਪਬਲਿਕ ਹੈਲਥ ਮੈਡੀਸਨ (ਹੈਲਥ ਪ੍ਰੋਟੈਕਸ਼ਨ) ਦੇ ਸਲਾਹਕਾਰ ਡਾ. ਜੈਨੀ ਵਾਰਜ਼ ਅਨੁਸਾਰ ਜੇ ਕਲਾਸਰੂਮਾਂ ਦੇ ਅੰਦਰ ਕੋਵਿਡ-19 ਦੇ ਸੰਚਾਰ ਦੇ ਸਬੂਤ ਮਿਲਦੇ ਹਨ, ਤਾਂ ਪੀ ਸੀ ਆਰ ਟੈਸਟਿੰਗ ਅਤੇ ਵਾਇਰਸ ਪ੍ਰਕੋਪ ਨੂੰ ਕੰਟਰੋਲ ਕਰਨ ਇਕਾਂਤਵਾਸ ਦੀ ਸਲਾਹ ਦਿੱਤੀ ਜਾ ਸਕਦੀ ਹੈ। 

ਕੋਰੋਨਾ ਪ੍ਰਕੋਪ ਦੇ ਚਲਦਿਆਂ ਗਲਾਸਗੋ ਦੇ ਇੱਕ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀ ਇੱਕ ਪੂਰੀ ਕਲਾਸ ਨੂੰ ਇੱਕ ਸਕਾਰਾਤਮਕ ਕੇਸ ਦੇ ਬਾਅਦ ਇਕਾਂਤਵਾਸ ਲਈ ਕਿਹਾ ਗਿਆ ਹੈ। ਇਸਦੇ ਇਲਾਵਾ ਡਮਫ੍ਰਾਈਜ਼ ਅਤੇ ਗੈਲੋਵੇ ਵਿੱਚ ਵੀ ਇੱਕ ਪ੍ਰਾਇਮਰੀ ਸਕੂਲ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਸਕਾਟਲੈਂਡ ਦੇ ਡਿਪਟੀ ਫਸਟ ਮਨਿਸਟਰ ਜੌਨ ਸਵਿੰਨੇ ਅਨੁਸਾਰ ਸਕਾਟਿਸ਼ ਸਰਕਾਰ ਹਰ ਸੰਭਵ ਯਤਨ ਕਰਕੇ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਜਵਾਬ ਵਿੱਚ ਸਕੂਲ ਬੰਦ ਕਰਨ ਤੋਂ ਬਚਣਾ ਚਾਹੁੰਦੀ ਹੈ। ਇਸ ਲਈ ਵਾਇਰਸ ਸਬੰਧੀ ਲੱਛਣ ਪ੍ਰਗਟ ਹੋਣ ‘ਤੇ ਪੀ ਸੀ ਆਰ ਟੈਸਟ ਬੁੱਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।