Uncategorized

ਸਕਾਟਲੈਂਡ ‘ਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ‘ਚ ਹੋਇਆ ਰਿਕਾਰਡ ਵਾਧਾ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ‘ਚ ਲਗਾਤਾਰ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਗਿਣਤੀ ਯੂਰਪ ਭਰ ਵਿਚੋਂ ਸਭ ਤੋਂ ਜ਼ਿਆਦਾ ਹੈ। ਨੈਸ਼ਨਲ ਰਿਕਾਰਡਸ ਆਫ ਸਕਾਟਲੈਂਡ (ਐੱਨ. ਆਰ. ਐੱਸ.) ਵੱਲੋਂ ਪ੍ਰਕਾਸ਼ਤ ਅੰਕੜਿਆਂ ਅਨੁਸਾਰ 2020 ਵਿਚ ਨਸ਼ਿਆਂ ਨਾਲ 1339 ਮੌਤਾਂ ਦਰਜ ਹੋਈਆਂ ਹਨ। ਪਿਛਲੇ ਸਾਲ ਦੇ ਇਹਨਾਂ ਅੰਕੜਿਆਂ ਵਿਚ 5% ਦਾ ਵਾਧਾ ਹੋਇਆ ਹੈ ਅਤੇ ਇਹ ਗਿਣਤੀ 1996 ਵਿਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਦੀ ਸਭ ਤੋਂ ਵੱਡੀ ਸੰਖਿਆ ਹੈ। ਸਾਲ 2020 ਲਈ ਜਾਰੀ ਕੀਤਾ ਗਿਆ ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 75 ਵਧੇਰੇ ਮੌਤਾਂ ਦਰਸਾਉਂਦਾ ਹੈ, ਜਦੋਂ 2020 ਵਿਚ 1,264 ਲੋਕਾਂ ਨੇ ਨਸ਼ਿਆਂ ਕਾਰਨ ਆਪਣੀ ਜਾਨ ਗੁਆਈ ਸੀ।

 

ਸਕਾਟਲੈਂਡ ਵਿਚ ਯੂਰਪ ਭਰ ਵਿਚੋਂ ਨਸ਼ੀਲੇ ਪਦਾਰਥਾਂ ਨਾਲ ਹੁੰਦੀਆਂ ਮੌਤਾਂ ਦੀ ਦਰ ਸਭ ਤੋਂ ਮਾੜੀ ਹੈ। ਇਹ ਦਰ ਇੰਗਲੈਂਡ ਅਤੇ ਵੇਲਜ਼ ਨਾਲੋਂ ਵੀ ਸਾਢੇ ਤਿੰਨ ਗੁਣਾ ਜ਼ਿਆਦਾ ਹੈ। ਅੰਕੜਿਆਂ ਅਨੁਸਾਰ ਜ਼ਿਆਦਾਤਰ ਮੌਤਾਂ ਹੈਰੋਇਨ, ਮੋਰਫਿਨ, ਮੈਥਾਡੋਨ, ਕੋਡੀਨ ਅਤੇ ਡਾਈਹਾਈਡ੍ਰੋਕੋਡੀਨ ਵਰਗੇ ਨਸ਼ਿਆਂ ਦੀ ਵਰਤੋਂ ਨਾਲ ਸਬੰਧਤ ਸਨ। ਇਸ ਦੇ ਇਲਾਵਾ ਪ੍ਰੀਗਾਬਾਲਿਨ 502 ਅਤੇ 459 ਲੋਕਾਂ ਦੀਆਂ ਲਾਸ਼ਾਂ ਵਿਚ ਕੋਕੀਨ ਮੌਜੂਦ ਸੀ, ਜਦੋਂਕਿ ਅਲਕੋਹਲ ਅਤੇ ਐਮਫੈਟਾਮਾਈਨ ਵੀ ਮੌਤਾਂ ਦਾ ਕਾਰਨ ਹੈ। ਸਕਾਟਲੈਂਡ ਵਿਚ ਗਲਾਸਗੋ ‘ਚ ਨਸ਼ਾਖੋਰੀ ਨਾਲ ਪਿਛਲੇ ਸਾਲ 291 ਲੋਕਾਂ ਦੀ ਮੌਤ ਹੋਈ।

ਅੰਕੜਿਆਂ ਅਨੁਸਾਰ ਗ੍ਰੇਟਰ ਗਲਾਸਗੋ ਅਤੇ ਕਲਾਈਡ ਖੇਤਰ ਵਿਚ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਦੀ ਦਰ ਸਕਾਟਿਸ਼ ਹੈਲਥ ਬੋਰਡ ਖੇਤਰਾਂ ਵਿਚੋਂ ਪ੍ਰਤੀ 100,000 ਲੋਕਾਂ ਪਿੱਛੇ 30.8 ਮੌਤਾਂ ਨਾਲ ਸਭ ਤੋਂ ਜ਼ਿਆਦਾ ਸੀ, ਇਸ ਤੋਂ ਬਾਅਦ ਕ੍ਰਮਵਾਰ 27.2 ਅਤੇ 25.7 ਦੀ ਦਰ ਨਾਲ ਆਇਰਸ਼ਾਇਰ ਅਤੇ ਅਰਾਨ ਅਤੇ ਟਾਇਸਾਈਡ ਹਨ।