UK News

ਸਕਾਟਲੈਂਡ: ਨਾਈਟ ਕਲੱਬਾਂ ਤੇ ਵੱਡੇ ਪੱਧਰ ਦੇ ਸਮਾਗਮਾਂ ਲਈ ਜ਼ਰੂਰੀ ਹੋਣਗੇ ਵੈਕਸੀਨ ਪਾਸਪੋਰਟ

ਗਲਾਸਗੋ- ਸਕਾਟਲੈਂਡ ਵਿਚ ਸਰਕਾਰ ਵੱਲੋਂ ਨਾਈਟ ਕਲੱਬਾਂ ਅਤੇ ਵੱਡੇ ਪੱਧਰ ਦੇ ਸਮਾਗਮਾਂ ਵਿਚ ਦਾਖ਼ਲ ਹੋਣ ਲਈ ਕੋਰੋਨਾ ਵੈਕਸੀਨ ਦੇ ਸਬੂਤ ਵਜੋਂ ਵੈਕਸੀਨ ਪਾਸਪੋਰਟ ਦਿਖਾਉਣੇ ਜ਼ਰੂਰੀ ਕੀਤੇ ਜਾਣਗੇ। ਇਸ ਲਈ ਹੋਲੀਰੂਡ ‘ਚ ਅਗਲੇ ਹਫ਼ਤੇ ਵੋਟਿੰਗ ਕੀਤੀ ਜਾਵੇਗੀ। ਇਸ ਸਬੰਧੀ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਨਾਈਟ ਕਲੱਬਾਂ ਵਿਚ ਦਾਖ਼ਲ ਹੋਣ ਜਾਂ ਵੱਡੇ ਪੱਧਰ ‘ਤੇ ਇਕੱਠਾਂ ਵਿਚ ਸ਼ਾਮਲ ਹੋਣ ਲਈ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਹੋਵੇਗੀ ਜੋ ਕਿ ਵਾਇਰਸ ਦੇ ਫੈਲਣ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਕਰ ਸਕਦਾ ਹੈ।

ਵੈਕਸੀਨ ਪਾਸਪੋਰਟਾਂ ਦੀ ਜ਼ਰੂਰਤ ਅਗਲੇ ਹਫ਼ਤੇ ਹੋਲੀਰੂਡ ਵਿਖੇ ਬਹਿਸ ਅਤੇ ਵੋਟ ਦੇ ਅਧੀਨ ਹੈ। ਸਰਕਾਰ ਅਨੁਸਾਰ ਲੋਕਾਂ ਨੂੰ ਨਾਈਟ ਕਲੱਬਾਂ ਵਿਚ ਦਾਖ਼ਲ ਹੋਣ ਦੇ ਨਾਲ-ਨਾਲ 500 ਤੋਂ ਵੱਧ ਲੋਕਾਂ ਵਾਲੇ ਅੰਦਰੂਨੀ ਸਮਾਗਮ ਅਤੇ 4000 ਤੋਂ ਵੱਧ ਲੋਕਾਂ ਵਾਲੇ ਬਾਹਰੀ ਸਮਾਗਮਾਂ ਲਈ ਵੈਕਸੀਨ ਪਾਸਪੋਰਟ ਦਿਖਾਉਣੇ ਪੈਣਗੇ। ਇਸ ਦੇ ਇਲਾਵਾ 10,000 ਤੋਂ ਵੱਧ ਲੋਕਾਂ ਦੀ ਭੀੜ ਵੱਲੋਂ ਭਾਗ ਲੈਣ ਵਾਲੇ ਕਿਸੇ ਵੀ ਪ੍ਰੋਗਰਾਮ ਵਿਚ ਦਾਖ਼ਲੇ ਲਈ ਟੀਕਾਕਰਨ ਸਥਿਤੀ ਦੇ ਸਬੂਤ ਵਜੋਂ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਹੋਵੇਗੀ। ਸਟਰਜਨ ਅਨੁਸਾਰ ਸਰਕਾਰ ਸੀਮਤ ਤਰੀਕੇ ਨਾਲ ਵੀ ਪਾਬੰਦੀਆਂ ਨੂੰ ਦੁਬਾਰਾ ਲਾਗੂ ਨਹੀਂ ਕਰਨਾ ਚਾਹੁੰਦੀ, ਕਿਉਂਕਿ ਪਾਬੰਦੀਆਂ ਕਾਰੋਬਾਰਾਂ, ਨੌਜਵਾਨਾਂ ਦੀ ਸਿੱਖਿਆ ਆਦਿ ਨੂੰ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ।

ਇਸ ਲਈ ਪਾਬੰਦੀਆਂ ਤੋਂ ਬਚਣ ਲਈ ਸਾਵਧਾਨੀਆਂ ਬਹੁਤ ਜ਼ਰੂਰੀ ਹਨ। ਸਟਰਜਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੁੱਝ ਡਾਕਟਰੀ ਸਿਹਤ ਸਥਿਤੀਆਂ ਵਾਲੇ ਬੱਚਿਆਂ ਅਤੇ ਲੋਕਾਂ ਨੂੰ ਵੈਕਸੀਨ ਸਰਟੀਫਿਕੇਟ ਦੀ ਲੋੜ ਤੋਂ ਮੁਕਤ ਕੀਤਾ ਜਾਵੇਗਾ ਅਤੇ ਸਕਾਟਲੈਂਡ ਦੇ ਲੋਕ ਸ਼ੁੱਕਰਵਾਰ ਤੋਂ ਆਪਣਾ ਟੀਕਾ ਪ੍ਰਮਾਣੀਕਰਣ ਦਿਖਾਉਂਦੇ ਹੋਏ ਇਕ ਕਿਊ ਆਰ ਕੋਡ ਡਾਉਨਲੋਡ ਕਰ ਸਕਣਗੇ। ਹਾਲਾਂਕਿ ਕੁੱਝ ਲੋਕਾਂ ਵੱਲੋਂ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਦਾ ਵਿਰੋਧ ਕੀਤੇ ਜਾਣ ਦੀ ਵੀ ਸੰਭਾਵਨਾ ਹੈ।