UK News

ਸਕਾਟਲੈਂਡ ਨੇ ਹਟਾਈਆਂ ਤਕਰੀਬਨ ਸਾਰੀਆਂ ਕੋਰੋਨਾ ਵਾਇਰਸ ਪਾਬੰਦੀਆਂ

ਗਲਾਸਗੋ – ਸਕਾਟਲੈਂਡ ਵਿਚ ਸਰਕਾਰ ਵੱਲੋਂ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਢਿੱਲ ਦੇਣ ਦੇ ਪੜਾਵਾਂ ਦੀ ਲੜੀ ਤਹਿਤ ਤਕਰੀਬਨ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਜਿਹਨਾਂ ਵਿਚ ਸਮਾਜਕ ਦੂਰੀ ਅਤੇ ਸਮਾਜਿਕ ਇਕੱਠਾਂ ਦੀਆਂ ਸੀਮਾਵਾਂ ਵੀ ਸ਼ਾਮਲ ਹਨ। ਕਈ ਥਾਵਾਂ, ਜਿਵੇਂ ਕਿ ਨਾਈਟ ਕਲੱਬਾਂ ਆਦਿ ਨੂੰ ਵੀ ਹੁਣ ਕਾਨੂੰਨੀ ਤੌਰ ‘ਤੇ ਬੰਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਿਹਨਾਂ ਲੋਕਾਂ ਦੀ ਪਛਾਣ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਜੋਂ ਕੀਤੀ ਜਾਂਦੀ ਹੈ, ਜਿਸਨੇ ਕੋਵਿਡ -19 ਰਿਪੋਰਟ ਪਾਜ਼ੇਟਿਵ ਆਈ ਹੈ, ਨੂੰ ਵੀ 10 ਦਿਨਾਂ ਦੀ ਮਿਆਦ ਲਈ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ।

ਸੋਮਵਾਰ 9 ਅਗਸਤ ਤੋਂ ਲਾਗੂ ਇਹਨਾਂ ਮਹੱਤਵਪੂਰਣ ਤਬਦੀਲੀਆਂ ਦੇ ਬਾਵਜੂਦ, ਕੁੱਝ ਸਾਵਧਾਨੀਆਂ ਅਜੇ ਵੀ ਲਾਗੂ ਰਹਿਣਗੀਆਂ। ਇਨ੍ਹਾਂ ਵਿਚ ਜਨਤਕ ਥਾਵਾਂ ‘ਤੇ ਚਿਹਰੇ ਨੂੰ ਢਕਣਾ ਸ਼ਾਮਲ ਹੈ ਤੇ ਪੱਬਾਂ ਰੈਸਟੋਰੈਂਟਾਂ ਨੂੰ ਵੀ ਗਾਹਕਾਂ ਦੇ ਵੇਰਵੇ ਇਕੱਠੇ ਕਰਨੇ ਹੋਣਗੇ। ਇਸਦੇ ਇਲਾਵਾ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਵਾਪਸ ਆਉਣ ‘ਤੇ ਕਲਾਸ ਦੇ ਦੌਰਾਨ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ ਅਤੇ ਨਾਲ ਹੀ ਇਕ ਮੀਟਰ ਦੀ ਸਮਾਜਕ ਦੂਰੀ ਵੀ ਰੱਖਣੀ ਪਵੇਗੀ, ਜਿਸਦੀ ਸਮੀਖਿਆ 6 ਹਫ਼ਤਿਆਂ ਵਿਚ ਕੀਤੀ ਜਾਵੇਗੀ। 5000 ਤੋਂ ਵੱਧ ਦੇ ਬਾਹਰੀ ਸਮਾਗਮਾਂ ਅਤੇ 2000 ਤੋਂ ਵੱਧ ਦੇ ਅੰਦਰੂਨੀ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਆਪਣੀ ਸਥਾਨਕ ਅਥਾਰਟੀ ਤੋਂ ਆਗਿਆ ਲਈ ਅਰਜ਼ੀ ਦੇਣੀ ਪਵੇਗੀ। ਨਵੇਂ ਨਿਯਮਾਂ ਵਿਚ ਪੂਰੇ ਸਕਾਟਲੈਂਡ ਦੀਆਂ ਸਿਹਤ ਦੇਖ਼ਭਾਲ ਸੰਸਥਾਵਾਂ ਵਿਚ 2 ਮੀਟਰ ਦੀ ਸਮਾਜਿਕ ਦੂਰੀ ਬਣਾਈ ਰੱਖੀ ਜਾਵੇਗੀ। ਸਕਾਟਲੈਂਡ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਹਟਾਏ ਜਾਣ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਪਿਛਲੇ ਹਫ਼ਤੇ ਵਾਇਰਸ ਦੇ ਖ਼ਤਰੇ ਬਾਰੇ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਸੀ।