UK News

ਸਕਾਟਲੈਂਡ : ਫੌਜੀਆਂ ਵੱਲੋਂ ਐਂਬੂਲੈਂਸਾਂ ਚਲਾ ਕੇ ਕੀਤੀ ਜਾਵੇਗੀ ਸਹਾਇਤਾ

ਗਲਾਸਗੋ –ਸਕਾਟਲੈਂਡ ’ਚ ਪਿਛਲੇ ਕੁਝ ਵਕਫ਼ੇ ਤੋਂ ਐਂਬੂਲੈਂਸ ਸਰਵਿਸ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਜਿਸ ਦੇ ਚਲਦਿਆਂ ਮਰੀਜ਼ਾਂ ਨੂੰ ਐਂਬੂਲੈਂਸ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਤੋਂ ਉੱਭਰਨ ਲਈ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟ੍ਰਜਨ ਵੱਲੋਂ ਯੂ. ਕੇ. ਦੇ ਡਿਫੈਂਸ ਵਿਭਾਗ ਨੂੰ ਫੌਜੀ ਸਹਾਇਤਾ ਲਈ ਬੇਨਤੀ ਕੀਤੀ ਗਈ ਸੀ। ਇਸ ਬੇਨਤੀ ਦੇ ਸਬੰਧ ’ਚ ਪ੍ਰਸ਼ਾਸਨ ਵੱਲੋਂ ਸਕਾਟਿਸ਼ ਐਂਬੂਲੈਂਸਾਂ ਨੂੰ ਚਲਾਉਣ ਲਈ ਸਿਪਾਹੀਆਂ ਨੂੰ ਤਿਆਰ ਕੀਤਾ ਜਾਵੇਗਾ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਕਾਟਿਸ਼ ਐਂਬੂਲੈਂਸ ਸੇਵਾ ਦੀ ਮੁਖੀ ਪੌਲੀਨ ਹੋਵੀ ਨੇ ਸ਼ੁੱਕਰਵਾਰ ਦੱਸਿਆ ਕਿ ਫੌਜੀ ਸਹਾਇਤਾ ਦੇ ਨਾਲ ਪੈਰਾ-ਮੈਡੀਕਲ ਅਤੇ ਟੈਕਨੀਸ਼ੀਅਨ ਸਟਾਫ ਦੀ ਸਹਾਇਤਾ ਲਈ ਲੌਜਿਸਟੀਕਲ ਸਟਾਫ ਵੀ ਉਪਲੱਬਧ ਕਰਵਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ _ਚ ਇਸ ਯੋਜਨਾ ਤੇ ਸਹਾਇਤਾ ਬਾਰੇ ਵੇਰਵੇ ਤਿਆਰ ਕੀਤੇ ਜਾਣਗੇ।

ਹੋਵੀ ਨੇ ਭਰੋਸਾ ਜਤਾਇਆ ਕਿ ਆਉਣ ਵਾਲੇ ਦਿਨਾਂ ’ਚ ਸਕਾਟਿਸ਼ ਐਂਬੂਲੈਂਸ ਸੇਵਾ ਗੰਭੀਰ ਮਰੀਜ਼ਾਂ ਲਈ 10 ਮਿੰਟਾਂ ਦੇ ਅੰਦਰ ਅਤੇ ਦੂਜੇ ਐਮਰਜੈਂਸੀ ਮਰੀਜ਼ਾਂ ਲਈ 40 ਮਿੰਟਾਂ ਦੇ ਅੰਦਰ ਸਹਾਇਤਾ ਮੁਹੱਈਆ ਕਰਵਾਏਗੀ। ਸਕਾਟਲੈਂਡ ਪ੍ਰਸ਼ਾਸਨ ਨੇ ਫੌਜੀ ਸਹਾਇਤਾ ਲਈ ਇਸ ਕਦਮ ਦੇ ਫੈਸਲੇ ਦਾ ਸਵਾਗਤ ਕੀਤਾ ਹੈ।