India News

ਸਰਕਾਰ ਅਫ਼ਗਾਨਿਸਤਾਨ ਤੋਂ ਭਾਰਤੀਆਂ ਦੀ ਵਾਪਸੀ ਲਈ ਪੂਰੀ ਤਰ੍ਹਾਂ ਵਚਨਬੱਧ : ਜੈਸ਼ੰਕਰ

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਅਫ਼ਗਾਨਿਸਤਾਨ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਰਕਾਰ ਉੱਥੋਂ ਭਾਰਤੀਆਂ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿੱਥੇ ਸਥਿਤੀ ‘ਗੰਭੀਰ’ ਹੈ। ਤਾਲਿਬਾਨ ਨੂੰ ਲੈ ਕੇ ਭਾਰਤ ਦੇ ਰੁਖ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਸਥਿਤੀ ਠੀਕ ਨਹੀਂ ਹੋਈ ਹੈ, ਇਸ ਨੂੰ ਠੀਕ ਹੋਣ ਦਿਓ। ਉਨ੍ਹਾਂ ਕਿਹਾ,‘‘ਤੁਹਾਨੂੰ ਸਬਰ ਰੱਖਣਾ ਹੋਵੇਗਾ। ਉੱਥੇ ਸਥਿਤੀ ਠੀਕ ਹੋਣ ਦਿਓ।’’ ਪਿਛਲੇ ਹਫ਼ਤੇ ਤਾਲਿਬਾਨ ਵਲੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦੀ ਪਿੱਠਭੂਮੀ ’ਚ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਉਸ ਦੇਸ਼ ਦੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਸ ਬੈਠਕ ’ਚ ਜੈਸ਼ੰਕਰ ਤੋਂ ਇਲਾਵਾ ਰਾਜ ਸਭਾ ਦੇ ਨੇਤਾ ਅਤੇ ਕੇਂਦਰੀ ਮੰਤਰੀ ਪੀਊਸ਼ ਗੋਇਲ ਅਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਵੀ ਮੌਜੂਦ ਸਨ।

ਬੈਠਕ ’ਚ ਮੌਜੂਦ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਣ ਦੀ ਮੁਹਿੰਮ ਦੇ ਸੰਬੰਧ ’ਚ ਉਪਲੱਬਧ ਕਰਵਾਏ ਗਏ ਅੰਕੜਿਆਂ ਅਨੁਸਾਰ, ਸਰਕਾਰ ਨੇ ਦੂਤਘਰ ਦੇ 175 ਕਰਮੀਆਂ, 263 ਹੋਰ ਭਾਰਤੀਆਂ ਨਾਗਰਿਕਾਂ, ਹਿੰਦੂ ਅਤੇ ਸਿੱਖ ਸਮੇਤ ਅਫ਼ਗਾਨਿਸਤਾਨ ਦੇ 112 ਨਾਗਰਿਕਾਂ, ਤੀਜੇ ਦੇਸ਼ਾਂ ਦੇ 15 ਨਾਗਰਿਕਾਂ ਨੂੰ ਬਾਹਰ ਕੱਢਿਆ ਅਤੇ ਇਹ ਕੁੱਲ ਅੰਕੜਾ 565 ਹੈ। ਦਸਤਾਵੇਜ਼ ਅਨੁਸਾਰ, ਸਰਕਾਰ ਨੇ ਹੋਰ ਏਜੰਸੀਆਂ ਦੇ ਮਾਧਿਅਮ ਨਾਲ ਭਾਰਤੀਆਂ ਕੱਢਣ ਦੀ ਸਹੂਲਤ ਵੀ ਉਪਲੱਬਧ ਕਰਵਾਈ। ਇਸ ਮਹੱਤਵਪੂਰਨ ਬੈਠਕ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਰਦ ਪਵਾਰ, ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ, ਦਰਮੁਕ ਨੇਤਾ ਟੀ. ਆਰ. ਬਾਲੂ, ਸਾਬਕਾ ਪ੍ਰਧਾਨ ਐੱਚ.ਡੀ. ਦੇਵਗੌੜਾ, ਅਪਣਾ ਦਲ ਦੀ ਨੇਤਾ ਅਨੁਪ੍ਰਿਯਾ ਪਟੇਲ ਸਮੇਤ ਕੁਝ ਹੋਰ ਨੇਤਾਵਾਂ ਨੇ ਹਿੱਸਾ ਲਿਆ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਸਰਕਾਰ ਸਾਰੇ ਭਾਰਤੀਆਂ ਨੂੰ ਅਫ਼ਗਾਨਿਸਤਾਨ ਤੋਂ ਵਾਪਸ ਲਿਆਉਣ ਲਈ ਵਚਨਬੱਧ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਫ਼ਗਾਨਿਸਤਾਨ ਦੇ ਮੁੱਦੇ ’ਤੇ ਸਾਰੇ ਦਲਾਂ ਦੀ ਬੈਠਕ ਤੋਂ ਬਾਅਦ ਕਿਹਾ ਕਿ ਇਸ ਬਾਰੇ ਸਾਰੇ ਦਲਾਂ ਦੇ ਵਿਚਾਰ ਸਾਮਾਨ ਹਨ, ਅਸੀਂ ਮੁੱਦੇ ’ਤੇ ਰਾਸ਼ਟਰੀ ਏਕਤਾ ਦੀ ਭਾਵਨਾ ਨਾਲ ਗੱਲ ਕੀਤੀ।’’