World

ਸਰਨਾ ਨੇ ਰਿਪੁਦਮਨ ਸਿੰਘ ਦੇ ਦਿਹਾਂਤ ਤੇ ਦੁੱਖ ਜ਼ਾਹਿਰ ਕਰਦਿਆਂ ਕਤਲ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ

ਨਵੀਂ ਦਿੱਲੀ-ਵੈਨਕੂਵਰ ਦੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ, ਜੋ 1985 ‘ਚ ਏਅਰ ਇੰਡੀਆ ‘ਚ ਹੋਏ ਬੰਬ ਧਮਾਕਾ ਕੇਸ ‘ਚੋਂ 2005 ‘ਚ ਬਰੀ ਹੋ ਗਏ ਸਨ, ਦਾ ਵੀਰਵਾਰ ਸਵੇਰੇ ਸਰੀ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਿਪੁਦਮਨ ਸਿੰਘ ਮਲਿਕ ਦੇ ਕਤਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਟਵਿੱਟਰ ‘ਤੇ ਰਿਪੁਦਮਨ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਮੈਨੂੰ ਕੈਨੇਡਾ ‘ਚ ਸਰਦਾਰ ਰਿਪੁਦਮਨ ਸਿੰਘ ਮਲਿਕ ਦੇ ਦਿਹਾਂਤ ‘ਤੇ ਡੂੰਘਾ ਦੁੱਖ ਹੋਇਆ ਹੈ। ਨੁਕਸਾਨ ਨਾ ਪੂਰਾ ਹੋਣ ਵਾਲਾ ਹੈ।

 

ਸਰਦਾਰ ਮਲਿਕ ਨੇ ਕਈ ਖਾਲਸਾ ਸਕੂਲ ਚਲਾਏ ਅਤੇ ਕੈਨੇਡਾ ‘ਚ ਮਾਨਵਤਾਵਾਦੀ ਯਤਨਾਂ ‘ਚ ਮੋਹਰੀ ਰਹੇ। ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੈਨੇਡੀਅਨ ਅਧਿਕਾਰੀ ਉਸ ਦੇ ਕਤਲ ਦੀ ਡੂੰਘਾਈ ਨਾਲ ਜਾਂਚ ਕਰਨਗੇ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਗੇ। ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ‘ਤੇ ਕਦੇ ਖਾਲਿਸਤਾਨੀ ਹੋਣ ਦੇ ਦੋਸ਼ ਵੀ ਲੱਗੇ ਸਨ। ਇਥੇ ਤੱਕ ਕਿ ਉਨ੍ਹਾਂ ‘ਤੇ 1985 ‘ਚ ਹੋਏ ਬੰਬ ਧਮਾਕੇ ਮਾਮਲੇ ‘ਚ ਲੰਬੇ ਸਮੇਂ ਤੱਕ ਕੈਨੇਡਾ ‘ਚ ਕੇਸ ਵੀ ਚੱਲਿਆ ਸੀ।। ਹਾਲਾਂਕਿ ਇਸ ‘ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ।