Punjab News

ਸਾਬਕਾ ਕਾਂਗਰਸੀ ਵਿਧਾਇਕਾ ਵਲੋਂ ‘ਪਿੰਡ ਵਧਾਈ’ ‘ਚ ਚੱਲ ਰਹੀ ਰੇਤ ਖਡ ‘ਤੇ ਛਾਪੇਮਾਰੀ

ਸ੍ਰੀ ਮੁਕਤਸਰ ਸਾਹਿਬ – ਨਜਦੀਕੀ ਪਿੰਡ ਚਕ ਬਧਾਈ ‘ਚ ਚੱਲ ਰਹੀ ਰੇਤ ਦੀ ਖਡ ‘ਤੇ ਅੱਜ ਸਾਬਕਾ ਕਾਂਗਰਸੀ ਵਿਧਾਇਕਾ ਕਰਨ ਕੌਰ ਬਰਾੜ ਨੇ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਖਡ ‘ਤੇ ਮੌਜੂਦ ਵਿਅਕਤੀਆਂ ਨੂੰ ਇਸ ਸਬੰਧੀ ਕਾਗਜ਼ ਪੇਸ਼ ਕਰਨ ਲਈ ਆਖਿਆ। ਖਡ ਨਾਲ ਸਬੰਧਿਤ ਕਾਗਜ਼ਾਤ ਦਿਖਾਉਂਦਿਆਂ ਮੌਜੂਦ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਇਹ ਖਡ ਮਨਜੂਰਸ਼ੁਦਾ ਹੈ। ਮੌਕੇ ‘ਤੇ ਪੂਰੇ ਕਾਗਜ਼ ਨਾ ਹੋਣ ਕਾਰਨ ਬੀਬੀ ਕਰਨ ਕੌਰ ਬਰਾੜ ਨੇ ਖਡ ਦੀ ਕੁਲ ਜਗ੍ਹਾ ਅਤੇ ਪੋਕਲਾਇਨ ਸਬੰਧੀ ਕਾਗਜ਼ ਜਲਦ ਉਨ੍ਹਾਂ ਤਕ ਪਹੁੰਚਦੇ ਕਰਨ ਲਈ ਆਖਿਆ।

ਵਰਨਣਯੋਗ ਹੈ ਕਿ ਇਹ ਖਡ ਕਰੀਬ 7 ਮਹੀਨਿਆਂ ਤੋਂ ਇਸ ਹਲਕੇ ਵਿਚ ਇਸ ਸਥਾਨ ‘ਤੇ ਹੀ ਚੱਲ ਰਹੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਰੇਤ ਖਡਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ ਅਤੇ ਸਰਕਾਰ ‘ਤੇ ਨਜਾਇਜ਼ ਮਾਇਨਿੰਗ ਦੇ ਲਗ ਰਹੇ ਦੋਸ਼ਾਂ ਤੋਂ ਬਾਅਦ ਕਿਸੇ ਕਾਂਗਰਸੀ ਆਗੂ ਵੱਲੋ ਹੀ ਖਡ ‘ਤੇ ਕੀਤੀ ਇਹ ਪਹਿਲੀ ਛਾਪੇਮਾਰੀ ਹੈ। ਜਦ ਕਾਂਗਰਸੀ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ ਕਾਗਜ਼ਾਤ ਆਦਿ ਦੇਖ ਰਹੇ ਸਨ ਤਾਂ ਖਡ ‘ਚ ਹਿਸੇਦਾਰ ਇਕ ਵਿਅਕਤੀ ਬੋਲਿਆ ਬੀਬੀ ਜੀ ਇਹ ਖਡ ਮੇਰੀ ਹੈ, ਇਸ ਵਿਚ ਅਕਾਲੀ ਦਲ ਦਾ ਕੁਝ ਨਹੀਂ ਹੈ।

 

ਉਧਰ ਇਸ ਮਾਮਲੇ ‘ਚ ਕਰਨ ਕੌਰ ਬਰਾੜ ਨੇ ਕਿਹਾ ਕਿ ਸੁਖਬੀਰ ਬਾਦਲ ਲਗਾਤਾਰ ਰੇਤ ਮਾਇਨਿੰਗ ‘ਤੇ ਸਵਾਲ ਚੁੱਕ ਰਹੇ ਹਨ ਉਨ੍ਹਾਂ ਅੱਜ ਆਪਣੇ ਹਲਕੇ ‘ਚ ਚੱਲ ਰਹੀ ਇਸ ਖਡ ਦੀ ਚੈਕਿੰਗ ਕੀਤੀ। ਖਡ ‘ਤੇ ਮੌਜੂਦ ਵਿਅਕਤੀ ਪੂਰੇ ਕਾਗਜ਼ ਨਹੀਂ ਦੇ ਸਕੇ ਉਨ੍ਹਾਂ ਨੂੰ ਇਸ ਸਬੰਧੀ ਇਕ ਦਿਨ ‘ਚ ਪੂਰੇ ਕਾਗਜ਼ ਪੇਸ਼ ਕਰਨ ਲਈ ਕਿਹਾ ਗਿਆ, ਨਹੀਂ ਤਾਂ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਖਡ ‘ਤੇ ਮੌਜੂਦ ਪੋਕਲਾਇਨ ‘ਤੇ ਵੀ ਸਵਾਲ ਚੁੱਕੇ। ਉਧਰ ਖਡ ਤੇ ਮੌਜੂਦ ਵਿਅਕਤੀ ਭਾਵੇ ਖੁੱਦ ਕਹਿੰਦਾ ਰਿਹਾ ਕਿ ਇਸ ਖਡ ‘ਚ ਕੋਈ ਅਕਾਲੀ ਦਲ ਦਾ ਵਿਅਕਤੀ ਨਹੀਂ ਪਰ ਕਰਨ ਬਰਾੜ ਨੇ ਦੋਸ਼ ਲਾਏ ਕਿ ਇਹ ਖਡ ਅਕਾਲੀ ਦਲ ਨਾਲ ਸਬੰਧਿਤ ਵਿਅਕਤੀ ਚਲਾ ਰਹੇ ਹਨ।