India News

ਸਾਲ ਦੇ ਅੰਤ ਤੱਕ ਸਾਰੇ ਲੋਕਾਂ ਨੂੰ ਲੱਗ ਜਾਵੇਗਾ ਕੋਰੋਨਾ ਟੀਕਾ

ਨਵੀਂ ਦਿੱਲੀ – ਰਾਸ਼ਟਰਵਿਆਪੀ ਕੋਵਿਡ ਟੀਕਾਕਰਨ ਮੁਹਿੰਮ ਦੀ ਸਫ਼ਲਤਾ ਤੋਂ ਉਤਸ਼ਾਹਤ ਸਰਕਾਰ ਦਾ ਮੰਨਣਾ ਹੈ ਕਿ ਮੌਜੂਦਾ ਸਾਲ ਦੇ ਅੰਤ ਤੱਕ 18 ਸਾਲ ਤੋਂ ਵੱਧ ਉਮਰ ਦੇ ਸਾਰੇ ਯੋਗ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਜਾਵੇਗਾ ਅਤੇ ਵਿਦੇਸ਼ਾਂ ਨੂੰ ਇਸ ਦਾ ਨਿਰਯਾਤ ਸੌਖੇ ਤਰੀਕੇ ਨਾਲ ਕੀਤਾ ਜਾ ਸਕੇਗਾ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਅੱਜ 82 ਕਰੋੜ ਤੋਂ ਵੱਧ ਟੀਕੇ ਲਗਾਉਣ ਦੇ ਅੰਕੜੇ ਨੂੰ ਪਾਰ ਕਰਨ ਲਈ ਕਦਮ ਵਧਾ ਦਿੱਤੇ ਗਏ ਹਨ। ਸ਼ਾਮ ਤੱਕ ਇਹ ਅੰਕੜਾ ਹਾਸਲ ਕਰ ਲਿਆ ਜਾਵੇਗਾ। ਕੱਲ ਤੱਕ 81.85 ਕਰੋੜ ਤੋਂ ਵੱਧ ਟੀਕੇ ਲਾਏ ਜਾ ਚੁਕੇ ਹਨ।

 

ਸੂਤਰਾਂ ਅਨੁਸਾਰ ਦੇਸ਼ ਭਰ ’ਚ ਦਸੰਬਰ ਤੱਕ ਕੋਰੋਨਾ ਟੀਕਾ ਸਾਰੇ ਯੋਗ ਲੋਕਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਟੀਚਾ ਇਸ ਤੋਂ ਪਹਿਲਾਂ ਵੀ ਹਾਸਲ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਅਕਤੂਬਰ ਤੋਂ ਵਿਦੇਸ਼ਾਂ ਨੂੰ ਕੋਰੋਨਾ ਟੀਕੇ ਦੀ ਸਪਲਾਈ ਬਹਾਲ ਕਰਨ ਦਾ ਐਲਾਨ ਕੀਤਾ ਹੈ। ਮਾਂਡਵੀਆ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਕੋਰੋਨਾ ਮਹਾਮਾਰੀ ਵਿਰੁੱਧ ਜੰਗ ’ਚ ਭਾਰਤ ਦੀ ਪਹਿਲ ‘ਵੈਕਸੀਨ ਮੈਤਰੀ’ ਦੇ ਅਧੀਨ ਅਕਤੂਬਰ 2021 ਤੋਂ ਕੋਰੋਨਾ ਟੀਕਿਆਂ ਦੀ  ਵਿਦੇਸ਼ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਕੋਰੋਨਾ ਟੀਕਿਆਂ ਦਾ ਉਤਪਾਦਨ ਵਧਣ ਦੀ ਸੰਭਾਵਨਾ ਹੈ। ਅਕਤੂਬਰ ’ਚ 30 ਕਰੋੜ ਤੋਂ  ਵੱਧ ਅਤੇ ਆਉਣ ਵਾਲੀ ਤਿਮਾਹੀ ’ਚ 100 ਕਰੋੜ ਤੋਂ ਵੱਧ ਟੀਕਿਆਂ ਦਾ ਉਤਪਾਦਨ ਹੋਵੇਗਾ।