Punjab News

ਸਿਆਸੀ ਬਿਆਨਬਾਜ਼ੀ ਤੋਂ ਉਲਟ ਬੋਲਦੇ ਹਨ ਤੱਥ, ਪੰਜਾਬ ’ਚ ਬਿਜਲੀ ਸਪਲਾਈ ਪ੍ਰਾਈਵੇਟ ਥਰਮਲਾਂ ’ਤੇ ਨਿਰਭਰ!

ਪਟਿਆਲਾ: ਭਾਵੇਂ ਸਿਆਸੀ ਪਾਰਟੀਆਂ ਦੇ ਆਗੂ ਪ੍ਰਾਈਵੇਟ ਥਰਮਲਾਂ ਖਿਲਾਫ ਬਿਆਨਬਾਜ਼ੀ ’ਚ ਇਕ-ਦੂਜੇ ਤੋਂ ਅੱਗੇ ਵੱਧ ਕੇ ਦੂਸ਼ਣਬਾਜ਼ੀ ਕਰ ਰਹੇ ਹਨ ਪਰ ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਸਪੱਸ਼ਟ ਹੋ ਜਾਵੇਗਾ ਕਿ ਪੰਜਾਬ ’ਚ ਬਿਜਲੀ ਸਪਲਾਈ ਇਸ ਵੇਲੇ ਪ੍ਰਾਈਵੇਟ ਥਰਮਲਾਂ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਭਾਵੇਂ ਕਾਂਗਰਸ ਤੇ ‘ਆਪ’ ਆਗੂ ਪ੍ਰਾਈਵੇਟ ਥਰਮਲਾਂ ਨਾਲ ਬਾਦਲ ਸਰਕਾਰ ਵੇਲੇ ਕੀਤੇ ਪੀ. ਪੀ. ਏ. ਦੀ ਸਮੀਖਿਆ ਕਰਨ ਦਾ ਰਾਮ ਰੌਲਾ ਪਾ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਜੇਕਰ ਪਿਛਲੇ ਸਾਲਾਂ ਦੌਰਾਨ ਪ੍ਰਾਈਵੇਟ ਥਰਮਲ ਪਲਾਂਟ ਨਾ ਹੁੰਦੇ ਤਾਂ ਫਿਰ ਪੰਜਾਬ ’ਚ ਬਿਜਲੀ ਸਪਲਾਈ ਦਾ ਹਾਲ ਮੌਜੂਦਾ ਸੰਕਟ ਵਰਗਾ ਹੁੰਦਾ। ਪੰਜਾਬ ’ਚ ਇਸ ਵੇਲੇ 3 ਪ੍ਰਾਈਵਟ ਥਰਮਲਾਂ ’ਚੋਂ ਰਾਜਪੁਰਾ ਪਲਾਂਟ ਸਭ ਤੋਂ ਵੱਧ ਉਤਪਾਦਨ ਕਰ ਰਿਹਾ ਹੈ। ਦੂਜਾ ਨੰਬਰ ਤਲਵੰਡੀ ਸਾਬੋ ਤੇ ਤੀਜਾ ਨੰਬਰ ਗੋਇੰਦਵਾਲ ਸਾਹਿਬ ਪਲਾਂਟ ਦਾ ਆਉਂਦਾ ਹੈ। ਸਰਕਾਰੀ ਖੇਤਰ ’ਚ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਬਿਜਲੀ ਉਤਪਾਦਨ ਕਰ ਰਹੇ ਹਨ। ਅੰਕੜਿਆਂ ਮੁਤਾਬਕ ਜੂਨ 2020 ’ਚ ਪ੍ਰਾਈਵੇਟ ਖੇਤਰ ਦੇ ਰਾਜਪੁਰਾ ਪਲਾਂਟ ਦਾ ਬਿਜਲੀ ਉਤਪਾਦਨ 75.09 ਫੀਸਦੀ ਰਿਹਾ, ਤਲਵੰਡੀ ਸਾਬੋ ਦਾ 48.50 ਫੀਸਦੀ ਅਤੇ ਗੋਇੰਦਵਾਲ ਸਾਹਿਬ ਦਾ 42.06 ਫੀਸਦੀ ਰਿਹਾ। ਇਸ ਦੇ ਮੁਕਾਬਲੇ ਸਰਕਾਰੀ ਖੇਤਰ ਦੇ ਰੋਪੜ ਪਲਾਂਟ ਦਾ ਬਿਜਲੀ ਉਤਪਾਦਨ 34.74 ਫੀਸਦੀ ਰਿਹਾ, ਜਦਕਿ ਲਹਿਰਾ ਮੁਹੱਬਤ ਦਾ 31.68 ਫੀਸਦੀ ਰਿਹਾ। ਇਸੇ ਤਰੀਕੇ ਜੁਲਾਈ ’ਚ ਰੋਪੜ ਪਲਾਂਟ ਦਾ ਉਤਪਾਦਨ 33.96 ਫੀਸਦੀ ਤੇ ਲਹਿਰਾ ਮੁਹੱਬਤ ਦਾ 38.51 ਫੀਸਦੀ ਰਿਹਾ ਤੇ ਪ੍ਰਾਈਵੇਟ ਸੈਕਟਰ ਵਿਚ ਰਾਜਪੁਰਾ ਦਾ 89.25 ਫੀਸਦੀ, ਤਲਵੰਡੀ ਸਾਬੋ ਦਾ 50.04 ਫੀਸਦੀ ਤੇ ਗੋਇੰਦਵਾਲ ਸਾਹਿਬ ਦਾ 66.90 ਫੀਸਦੀ ਉਤਪਾਦਨ ਰਿਹਾ। ਅਗਸਤ 2020 ’ਚ ਰਾਜਪੁਰਾ ਪਲਾਂਟ ਨੇ 94.24 ਫੀਸਦੀ, ਤਲਵੰਡੀ ਸਾਬੋ ਨੇ 72.63 ਫੀਸਦੀ ਅਤੇ ਗੋਇੰਦਵਾਲ ਸਾਹਿਬ ਨੇ 52.38 ਫੀਸਦੀ ਸਮਰਥਾ ਨਾਲ ਉਤਪਾਦਨ ਕੀਤਾ।

ਇਸ ਦੇ ਮੁਕਾਬਲੇ ਸਰਕਾਰੀ ਖੇਤਰ ਵਿਚ ਲਹਿਰਾ ਮੁਹੱਬਤ ਨੇ 25.48 ਫੀਸਦੀ ਤੇ ਰੋਪੜ ਨੇ 30.23 ਫੀਸਦੀ ਸਮਰਥਾ ਨਾਲ ਉਤਪਾਦਨ ਕੀਤਾ। ਇਸੇ ਤਰੀਕੇ ਸਤੰਬਰ 2020 ਵਿਚ ਲਹਿਰਾ ਮੁਹੱਬਤ ਪਲਾਂਟ ਨੇ 26.45 ਫੀਸਦੀ ਤੇ ਰੋਪਡ਼ ਨੇ 29.30 ਫੀਸਦੀ ਸਮਰਥਾ ਨਾਲ ਬਿਜਲੀ ਉਤਪਾਦਨ ਕੀਤਾ, ਜਦਕਿ ਪ੍ਰਾਈਵੇਟ ਖੇਤਰ ਦੇ ਰਾਜਪੁਰਾ ਨੇ 96.84 ਫੀਸਦੀ, ਤਲਵੰਡੀ ਸਾਬੋ ਨੇ 72.33 ਫੀਸਦੀ ਅਤੇ ਗੋਇੰਦਵਾਲ ਸਾਹਿਬ ਨੇ 60.05 ਫੀਸਦੀ ਸਮਰੱਥਾ ਨਾਲ ਉਤਪਾਦਨ ਕੀਤਾ। ਇਸ ਝੋਨੇ ਦੇ ਸੀਜ਼ਨ ਤੋਂ ਇਲਾਵਾ ਜੇਕਰ ਸਾਲ ਦਾ ਮੁਲਾਂਕਣ ਕੀਤਾ ਜਾਵੇ ਤਾਂ ਸਾਲ 2019-20 ਦੌਰਾਨ ਰਾਜਪੁਰਾ ਪਲਾਂਟ ਨੇ 72.04 ਫੀਸਦੀ, ਤਲਵੰਡੀ ਸਾਬੋ ਨੇ 51.07, ਗੋਇੰਦਵਾਲ ਸਾਹਿਬ ਨੇ 27.6 ਜਦਕਿ ਰੋਪਡ਼ ਨੇ 14.29 ਅਤੇ ਲਹਿਰਾ ਮੁਹੱਬਤ ਪਲਾਂਟ ਨੇ 11.37 ਫੀਸਦੀ ਸਮਰੱਥਾ ਨਾਲ ਬਿਜਲੀ ਉਤਪਾਦਨ ਕੀਤਾ ਹੈ। ਸਾਲ 2020-21 ’ਚ ਰਾਜਪੁਰਾ ਪਲਾਂਟ ਨੇ 65.52 ਫੀਸਦੀ, ਤਲਵੰਡੀ ਸਾਬੋ ਨੇ 40.15 ਤੇ ਗੋਇੰਦਵਾਲ ਸਾਹਿਬ ਨੇ 27.12 ਫੀਸਦੀ ਸਮਰੱਥਾ ਨਾਲ ਬਿਜਲੀ ਉਤਪਾਦਨ ਕੀਤਾ ਜਿਨ੍ਹਾਂ ਦੇ ਮੁਕਾਬਲੇ ਸਰਕਾਰੀ ਖੇਤਰ ਦੇ ਰੋਪਡ਼ ਪਲਾਂਟ ਨੇ 12.01 ਫੀਸਦੀ ਤੇ ਲਹਿਰਾ ਮੁਹੱਬਤ ਨੇ 11.24 ਫੀਸਦੀ ਸਮਰਥਾ ਨਾਲ ਬਿਜਲੀ ਉਤਪਾਦਨ ਕੀਤਾ। ਇਹ ਵੀ ਇਕ ਸੱਚਾਈ ਹੈ ਕਿ ਸਰਕਾਰੀ ਖੇਤਰ ਦੇ ਪਲਾਂਟ ਕਿਉਂਕਿ ਪੁਰਾਣੇ ਹੋ ਗਏ ਹਨ, ਇਸ ਲਈ ਉਨ੍ਹਾਂ ਤੋਂ ਬਿਜਲੀ ਉਤਪਾਦਨ ਮਹਿੰਗਾ ਪੈਂਦਾ ਹੈ, ਜਦਕਿ ਪ੍ਰਾਈਵੇਟ ਖੇਤਰ ਦੇ ਨਵੀਂ ਤਕਨੀਕ ਨਾਲ ਲੱਗੇ ਪਲਾਂਟਾਂ ’ਚ ਬਿਜਲੀ ਉਤਪਾਦਨ ਸਸਤਾ ਪੈਂਦਾ ਹੈ। ਤੱਥ ਬੋਲ ਰਹੇ ਹਨ ਕਿ ਜੇਕਰ ਪ੍ਰਾਈਵੇਟ ਥਰਮਲ ਨਾ ਹੁੰਦੇ ਤਾਂ ਬਿਜਲੀ ਦਾ ਅੱਜ ਵਾਲਾ ਸੰਕਟ ਕਈ ਸਾਲਾਂ ਤੋਂ ਇਸੇ ਤਰੀਕੇ ਚਲ ਰਿਹਾ ਹੁੰਦਾ।