Punjab News

ਸਿਆਸੀ ਲੋਕਾਂ ਦੇ ਮਨਸ਼ੇ ਲਗਾ ਰਹੇ ਨੇ ਪੰਜਾਬ ਪੁਲਿਸ ਦੇ ਵੱਕਾਰ ਨੂੰ ਧੱਕਾ

ਚੰਡੀਗੜ੍ਹ : ਦੇਸ਼ ਭਰ ਵਿਚ ਜਿਸ ਪੰਜਾਬ ਪੁਲਿਸ ਦੀ ਅੱਤਵਾਦ ਖ਼ਿਲਾਫ਼ ਸਫ਼ਲਤਾ ਹਾਸਲ ਕਰਨ ਲਈ ਤਾਰੀਫ਼ ਹੁੰਦੀ ਰਹੀ ਹੈ ਅਤੇ ਜਿਸ ਪੰਜਾਬ ਪੁਲਿਸ ਦੀਆਂ ਟੀਮਾਂ ਨੂੰ ਦੂਰ-ਦਰਾਜ ਦੇ ਪ੍ਰਦੇਸ਼ਾਂ ਵਿਚ ਵੀ ਗੈਂਗਸਟਰਾਂ ਅਤੇ ਅਸਮਾਜਿਕ ਅਨਸਰਾਂ ਦਾ ਇਨਕਾਊਂਟਰ ਕਰਨ ਵਿਚ ਸਥਾਨਕ ਪੁਲਿਸ ਦਾ ਪੂਰਨ ਸਹਿਯੋਗ ਮਿਲਦਾ ਰਿਹਾ ਹੈ, ਉਹੀ ਪੰਜਾਬ ਪੁਲਿਸ ਹੁਣ ਸਿਆਸੀ ਆਗੂਆਂ ਖ਼ਿਲਾਫ਼ ਦਰਜ ਹੋਏ ਮਾਮਲਿਆਂ ਦੀ ਕਾਰਵਾਈ ਵਿਚ ਪੀਸਦੀ ਨਜ਼ਰ ਆ ਰਹੀ ਹੈ। ਵੱਡੇ-ਵੱਡੇ ਪੁਲਿਸ ਮੁਕਾਬਲਿਆਂ ਨੂੰ ਕਾਨੂੰਨੀ ਰੂਪ ਤੋਂ ਸੌਖ ਨਾਲ ਨਿਪਟਾਉਣ ਵਾਲੀ ਪੰਜਾਬ ਪੁਲਿਸ ਨੂੰ ਹੁਣ ਇਨ੍ਹਾਂ ਮਾਮਲਿਆਂ ਵਿਚ ਨਾ ਸਿਰਫ ਸਿਆਸੀ ਆਗੂਆਂ ਦੀ ਆਲੋਚਨਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਸਗੋਂ ਵੱਖ-ਵੱਖ ਅਦਾਲਤਾਂ ਵੱਲੋਂ ਵੀ ਫਟਕਾਰ ਲਗਾਈ ਜਾ ਰਹੀ ਹੈ।
ਸ਼ੁੱਕਰਵਾਰ ਸਵੇਰੇ ਭਾਜਪਾ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਅਤੇ ਬਾਅਦ ਵਿਚ ਉਸੇ ਬੱਗਾ ਨੂੰ ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਤੋਂ ਛੁਡਾ ਕੇ ਆਪਣੇ ਨਾਲ ਵਾਪਸ ਦਿੱਲੀ ਲਿਜਾਣ ਤੋਂ ਪੰਜਾਬ ਪੁਲਿਸ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਪੰਜਾਬ ਪੁਲਿਸ ਵੱਲੋਂ ਬੱਗਾ ਦੀ ਗ੍ਰਿਫ਼ਤਾਰੀ ਨੂੰ ਕਾਨੂੰਨੀ ਤੌਰ ‘ਤੇ ਪੁਖ਼ਤਾ ਕਰਨ ਲਈ ਕਾਫ਼ੀ ਯਤਨ ਕੀਤੇ, ਸਾਰੇ ਦਸਤਾਵੇਜ਼ ਤਿਆਰ ਕੀਤੇ ਗਏ, ਗ੍ਰਿਫ਼ਤਾਰੀ ਦਾ ਵੀਡੀਓ ਵੀ ਬਣਾਇਆ ਗਿਆ, ਥਾਣੇ ਵਿਚ ਸੂਚਨਾ ਦੇਣ ਲਈ ਡੀ. ਐੱਸ. ਪੀ. ਖ਼ੁਦ ਪਹੁੰਚੇ, ਪੁਲਿਸ ਕੰਟਰੋਲ ਰੂਮ ‘ਤੇ ਵੀ ਸੂਚਨਾ ਦੇਣ ਦਾ ਦਾਅਵਾ ਕੀਤਾ ਗਿਆ, ਪਰ ਇਹ ਸਭ ਕੁੱਝ ਹੋਣ ਦੇ ਬਾਵਜੂਦ ਵੀ ਹਰਿਆਣਾ ਪੁਲਿਸ ਵੱਲੋਂ ਰੋਕੀ ਗਈ ਪੰਜਾਬ ਪੁਲਿਸ ਦੀ ਟੀਮ ਤੋਂ ਦਿੱਲੀ ਪੁਲਿਸ ਦੀ ਟੀਮ ਤੇਜਿੰਦਰਪਾਲ ਸਿੰਘ ਬੱਗਾ ਨੂੰ ਆਪਣੇ ਨਾਲ ਲਿਜਾਣ ਵਿਚ ਕਾਮਯਾਬ ਰਹੀ।

ਪੰਜਾਬ ਪੁਲਿਸ ਦੀ ਸਾਖ ਬਚਾਉਣ ਦੀ ਕੋਸ਼ਿਸ਼ ਦੇ ਤੌਰ ‘ਤੇ ਹੀ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਸਤਕ ਵੀ ਦਿੱਤੀ, ਪਰ ਉੱਥੋਂ ਵੀ ਪੰਜਾਬ ਸਰਕਾਰ ਨੂੰ ਤੱਤਕਾਲ ਕੋਈ ਰਾਹਤ ਨਹੀਂ ਹਾਸਲ ਹੋਈ, ਸਗੋਂ ਹਾਈਕੋਰਟ ਨੇ ਵੀ ਪੰਜਾਬ ਸਰਕਾਰ ਦੀ ਉਸ ਬੇਨਤੀ ਨੂੰ ਅਪ੍ਰਵਾਨ ਕਰ ਦਿੱਤਾ ਕਿ ਬੱਗਾ ਨੂੰ ਹਰਿਆਣਾ ਵਿਚ ਹੀ ਰੱਖਿਆ ਜਾਵੇ। ਇਸ ਤੋਂ ਪਹਿਲਾਂ ਰੋਪੜ ਪੁਲਿਸ ਵੱਲੋਂ ਦਰਜ ਇਸ ਕਿਸਮ ਦੇ ਇੱਕ ਮਾਮਲੇ ਵਿਚ ‘ਆਪ’ ਪ੍ਰਮੁੱਖ ਅਰਵਿੰਦ ਕੇਜਰੀਵਾਲ ‘ਤੇ ਟਿੱਪਣੀ ਕਰਨ ਦੇ ਮਾਮਲੇ ਵਿਚ ਮੁਲਜ਼ਮ ਬਣਾਏ ਗਏ ਕਵੀ ਕੁਮਾਰ ਵਿਸ਼ਵਾਸ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਇਹ ਤੱਕ ਟਿੱਪਣੀ ਕਰ ਚੁੱਕਿਆ ਹੈ ਕਿ ਕੁਮਾਰ ਵਿਸ਼ਵਾਸ ਖ਼ਿਲਾਫ਼ ਦਰਜ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਲੱਗਦਾ ਹੈ। ਦਿੱਲੀ ਦੇ ਭਾਜਪਾ ਨੇਤਾ ਨਵੀਨ ਜਿੰਦਲ ਵੀ ਇੰਝ ਹੀ ਇੱਕ ਮਾਮਲੇ ਵਿਚ ਅਦਾਲਤ ਤੋਂ ਜ਼ਮਾਨਤ ਲੈਣ ਵਿਚ ਕਾਮਯਾਬ ਰਹੇ ਅਤੇ ਭਾਜਪਾ ਨੇਤਾ ਪ੍ਰੀਤੀ ਗਾਂਧੀ ਵੀ। ਕਾਂਗਰਸ ਨੇਤਾ ਅਲਕਾ ਲਾਂਬਾ ਵੀ ਰੋਪੜ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਦਰਜ ਕੇਸ ਵਿਚ ਹਾਈਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ।