Punjab News

ਸਿੱਖ ਸੰਗਤ ਭਾਈਚਾਰੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਨਮਾਨ ਨਾਲ ਭਾਰਤ ਲਿਆਉਣ ’ਤੇ PM ਮੋਦੀ ਦਾ ਧੰਨਵਾਦ

ਚੰਡੀਗੜ-ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਹੈ। ਉਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਵਿੱਤਰ ਸਰੂਪਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਸਨਮਾਨ ਨਾਲ ਭਾਰਤ ਲਿਆ ਕੇ ਮਰਿਆਦਾ ਨਾਲ ਗੁਰਦੁਆਰਾ ਸ੍ਰੀ ਕਾਬਲੀ ਸਾਹਿਬ ਤਿਲਕ ਨਗਰ ਨਵੀਂ ਦਿੱਲੀ ‘ਚ ਸਥਾਪਤ ਕਰਵਾਏ ਜਾਣ ‘ਤੇ ਚੰਡੀਗੜ੍ਹ ਦੇ ਸਮੂਹ ਸਿੱਖ ਭਾਈਚਾਰੇ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਦੀ ਹਾਜ਼ਰੀ ‘ਚ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ।

ਜਾਣਕਾਰੀ ਦਿੰਦੇ ਹੋਏ ਸੂਬਾਈ ਬੁਲਾਰੇ ਕੈਲਾਸ਼ ਚੰਦ ਜੈਨ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਦੇ ਸ਼ੁਭ ਮੌਕੇ ‘ਤੇ ਸ੍ਰੀ ਗੁਰਦੁਆਰਾ ਸਾਹਿਬ ਪੀ.ਜੀ.ਆਈ. ਸੈਕਟਰ 12 ‘ਚ ਪ੍ਰੋਗਰਾਮ ਦਾ ਆਜੋਯਨ ਕੀਤਾ ਗਿਆ, ਜਿਸ ‘ਚ ਸਿੱਖ ਸੰਗਤ ਵੱਲੋਂ ਕੀਰਤਨ ਦਰਬਾਰ ਸਜਾਏ ਗਏ ਅਤੇ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਚੰਡੀਗੜ੍ਹ ਦੇ ਭਾਜਪਾ ਦੇ ਸੂਬਾਈ ਪ੍ਰਧਾਨ ਅਰੁਣ ਸੂਦ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਵੀ ਹਾਜ਼ਰੀ ਲਗਵਾਈ।

ਇਸ ਮੌਕੇ ‘ਤੇ ਸਿੱਖ ਭਾਈਚਾਰੇ ਵੱਲੋਂ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਨਮਾਨ ਸਮੇਤ ਭਾਰਤ ਲਿਆ ਕੇ ਗੁਰਦੁਆਰੇ ‘ਚ ਸਥਾਪਿਤ ਕਰਵਾਏ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਲਈ ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਪ੍ਰਤੀਕ ਚਿੰਨ੍ਹ ਭੇਂਟ ਕੀਤਾ ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

 ਗੁਰਦੁਆਰਾ ਕਮੇਟੀ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਪਵਿੱਤਰ ਸਰੂਪਾਂ ਦੀ ਰੱਖਿਆ ਕਰ ਕੇ ਸੁਰੱਖਿਅਤ ਅਤੇ ਸਨਮਾਨ ਨਾਲ ਭਾਰਤ ਲਿਆਉਣ ਦਾ ਜਿਹੜਾ ਕੰਮ ਕੀਤਾ ਹੈ ਉਸ ਦੇ ਲਈ ਸਾਰਾ ਸਿੱਖ ਸਮੂਹ ਉਨ੍ਹਾਂ ਦਾ ਧੰਨਵਾਦੀ ਹੈ ਅਤੇ ਸਿੱਖ ਸਮੂਹ ‘ਚ ਪ੍ਰਧਾਨ ਮੰਤਰੀ ਦੇ ਪ੍ਰਤੀ ਸਨਮਾਨ ਵਧਿਆ ਹੈ। ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ।