Punjab News

ਸਿੱਧੂ ਨੂੰ ਨਹੀਂ ਬਣਨ ਦਿਆਂਗਾ ਪੰਜਾਬ ਦਾ ਮੁੱਖ ਮੰਤਰੀ , ਉਸ ਖ਼ਿਲਾਫ਼ ਤਕੜਾ ਬੰਦਾ ਖੜ੍ਹਾ ਕਰਾਂਗਾ : ਕੈਪਟਨ ਅਮਰਿੰਦਰ

ਜਲੰਧਰ : ਕੈਪਟਨ ਅਮਰਿੰਦਰ ਸਿੰਘ ਨੇ ਬੀ. ਬੀ. ਸੀ. ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ’ਚ ਕਿਹਾ ਹੈ ਕਿ ਉਹ ਜਿੱਤ ਤੋਂ ਬਾਅਦ ਸਿਆਸਤ ਛੱਡਣ ਲ਼ਈ ਤਿਆਰ ਸੀ ਪਰ ਇੰਝ ਹਾਰ ਤੋਂ ਬਾਅਦ ਨਹੀਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਮੈਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਨਵਜੋਤ ਸਿੰਘ ਸਿੱਧੂ ਦੇ ਮੁੱਦੇ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਕਈ ਮੁੱਦਿਆਂ ਬਾਰੇ ਵੀ ਬੀ. ਬੀ. ਸੀ. ਨਾਲ ਗੱਲਬਾਤ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਖ਼ਿਲਾਫ਼ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਈ ਮੰਤਰੀ ਚੋਣ ਮਨੋਰਥ ਪੱਤਰ ਮੁਤਾਬਕ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਾ ਰਹੇ ਸਨ। ਪਿਛਲੇ 2 ਮਹੀਨੇ ਦੌਰਾਨ ਉਨ੍ਹਾਂ ਨੂੰ ਦੋ ਵਾਰ ਦਿੱਲੀ ਤਲਬ ਕੀਤਾ ਗਿਆ ਅਤੇ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਵਿਧਾਇਕ ਦਲ ਦੀ ਬੈਠਕ ਬੁਲਾ ਲਈ ਸੀ। ਜਿਸ ਬੈਠਕ ਦੌਰਾਨ ਨਵਾਂ ਮੁੱਖ ਮੰਤਰੀ ਬਣਾਉਣ ਦੇ ਅਧਿਕਾਰ ਸੋਨੀਆ ਗਾਂਧੀ ਨੂੰ ਦੁਆ ਦਿੱਤੇ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ ਅਤੇ ਉਹ ਆਪਣੇ ਸਾਥੀਆਂ ਦੀ ਸਲਾਹ ਨਾਲ ਅਗਲੀ ਰਣਨੀਤੀ ਘੜਨਗੇ।

ਹਾਰ ਤੋਂ ਬਾਅਦ ਸਿਆਸਤ ਨਹੀਂ ਛੱਡਾਂਗਾ
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਦੇ ਅਕਾਊਂਟ ਤੋਂ ਇੱਕੋ ਸਮੇਂ ਕਈ ਟਵੀਟ ਕਰਵਾ ਕੇ ਕੈਪਟਨ ਨੇ ਅਗਲੀ ਰਣਨੀਤੀ ਤੇ ਸੰਕੇਤ ਦੇ ਦਿੱਤੇ । ਕੈਪਟਨ ਨੇ ਕਿਹਾ ਕਿ ਜੇਕਰ ਨਵਜੋਤ ਸਿੱਧੂ ਮੁੱਖ ਮੰਤਰੀ ਦਾ ਚਿਹਰਾ ਬਣੇ ਤਾਂ ਇਹ ਵੱਡੀ ਗੱਲ ਹੋਵੇਗੀ ਕਿ ਪੰਜਾਬ ਕਾਂਗਰਸ ਦੀਆਂ ਸੀਟਾਂ ਦਾ ਅੰਕੜਾ ਦੋਹਰੇ ਅੰਕ ਵਿਚ ਪਹੁੰਚ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਉਹ ਜਿੱਤ ਤੋਂ ਬਾਅਦ ਸਿਆਸਤ ਛੱਡਣ ਲ਼ਈ ਤਿਆਰ ਸੀ ਪਰ ਇੰਝ ਹਾਰ ਤੋਂ ਬਾਅਦ ਨਹੀਂ। ਕੈਪਟਨ ਨੇ ਕਿਹਾ ਉਨ੍ਹਾਂ ਤਾਂ ਸੋਨੀਆਂ ਗਾਂਧੀ ਨੂੰ ਅਸਤੀਫ਼ਾ ਪਹਿਲਾਂ ਹੀ ਦੇ ਦਿੱਤਾ ਸੀ, ਪਰ ਉਦੋਂ ਸਵੀਕਾਰ ਨਹੀਂ ਕੀਤਾ ਗਿਆ। ਕੈਪਟਨ ਨੇ ਲਿਖਿਆ, “ਮੈਂ ਜਿੱਤ ਤੋਂ ਬਾਅਦ ਸਿਆਸਤ ਛੱਡਣ ਲਈ ਤਿਆਰ ਸੀ ਪਰ ਹਾਰ ਤੋਂ ਬਾਅਦ ਬਿਲਕੁਲ ਨਹੀਂ। ਮੈਂ ਤਿੰਨ ਹਫ਼ਤੇ ਪਹਿਲਾਂ ਆਪਣੇ ਅਸਤੀਫ਼ਾ ਸੋਨੀਆ ਗਾਂਧੀ ਅੱਗੇ ਪੇਸ਼ ਕੀਤਾ ਸੀ ਪਰ ਉਨ੍ਹਾਂ ਨੇ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ।”

ਸੁਪਰ ਸੀਐੱਮ ਦਾ ਵਤੀਰਾ ਨਹੀਂ ਚੱਲਣਾ
ਦੂਜੇ ਟਵੀਟ ਵਿਚ ਕੈਪਟਨ ਅਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਉੱਤੇ ਸੁਪਰ ਸੀਐੱਮ ਵਾਂਗ ਵਿਚਰਨ ਦਾ ਇਲਜ਼ਾਮ ਲਗਾਇਆ ਹੈ। “ਜੇਕਰ ਨਵਜੋਤ ਸਿੰਘ ਸਿੱਧੂ ਸੁਪਰ ਸੀਐੱਮ ਵਾਂਗ ਵਤੀਰਾ ਕਰਨਗੇ ਤਾਂ ਪੰਜਾਬ ਕਾਂਗਰਸ ਕੰਮ ਨਹੀਂ ਕਰ ਸਕੇਗੀ। ਇਸ ਮਾਸਟਰਸ਼ਿਪ ਨਾਟਕ ਹੇਠਾਂ, ਨੈਸ਼ਨਲ ਕਾਂਗਰਸ ਲਈ ਚੋਣਾਂ ਵਿੱਚ ਦੂਹਰੇ ਅੰਕ ਹਾਸਿਲ ਕਰਨਾ ਵੀ ਔਖਾ ਹੋ ਜਾਵੇਗਾ।” ਕੈਪਟਨ ਅਮਰਿੰਦਰ ਸਿੰਘ ਨੇ ਮਾਇਨਿੰਗ ਮਾਫ਼ੀਆ ਵਿਚ ਸ਼ਾਮਲ ਉਨ੍ਹਾਂ ਦੇ ਮੰਤਰੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਇਲਜ਼ਾਮਾਂ ਉੱਤੇ ਵੀ ਸਫ਼ਾਈ ਦਿੱਤੀ। ਉਨ੍ਹਾਂ ਨੇ ਕੁਝ ਮੰਤਰੀਆਂ ‘ਤੇ ਟਵੀਟ ਕਰਦਿਆਂ ਲਿਖਿਆ, “ਮੇਰੇ ‘ਤੇ ਹਮਲਾ ਮਾਇੰਨਿੰਗ ਮਾਫੀਆਂ ਵਿੱਚ ਕਥਿਤ ਤੌਰ ‘ਤੇ ਸ਼ਾਮਿਲ ਮੰਤਰੀਆਂ ‘ਤੇ ਕਾਰਵਾਈ ਨਾ ਕਰਨ ਲਈ ਕੀਤਾ ਗਿਆ। ਇਹੀ ਮੰਤਰੀ ਹੁਣ ਨਵੀਂ ਪੰਜਾਬ ਕਾਂਗਰਸ ਅਤੇ ਪੰਜਾਬ ਸਰਕਾਰ ਦੀ ਅਗਵਾਈ ਨਾਲ ਹਨ।”

ਬਾਦਲ ਮਜੀਠੀਆ ਨੂੰ ਜੇਲ੍ਹ ਭੇਜ ਲੈਣ
ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਜਾਂ ਅਕਾਲੀ ਦਲ ਨਾਲ ਮਿਲੇ ਹੋਣ ਦੇ ਪਾਰਟੀਆਂ ਆਗੂਆਂ ਦੇ ਇਲਜ਼ਾਮਾਂ ਨੂੰ ਰੱਦ ਕੀਤਾ। ਉਨ੍ਹਾਂ ਟਵੀਟ ਵਿਚ ਕਿਹਾ, “ਉਨ੍ਹਾਂ ਨੂੰ ਮੇਰੇ ਤੋਂ ਬਾਦਲ-ਮਜੀਠੀਆ ਖ਼ਿਲਾਫ਼ ਮਨਮਾਨੀ ਕਾਰਵਾਈ ਨਾ ਕਰਨ ਅਤੇ ਕਾਨੂੰਨ ਤਹਿਤ ਤੁਰਨ ਦੀ ਸ਼ਿਕਾਇਤ ਸੀ। ਹੁਣ ਉਹ ਸੱਤਾ ਵਿੱਚ ਹਨ ਤੇ ਜੇ ਉਹ ਅਜਿਹਾ ਕਰ ਸਕਦੇ ਹਨ ਤਾਂ ਉਹ ਅਕਾਲੀ ਨੇਤਾਵਾਂ ਨੂੰ ਸਲਾਖ਼ਾ ਪਿੱਛੇ ਦੇ ਦੇਣ।” ਇੱਕ ਹੋਰ ਟਵੀਟ ਵਿੱਚ ਕੈਪਟਨ ਨੇ ਸਵਾਲ ਚੁੱਕਿਆ, “ਕੇਸੀ ਵੈਨੂਗੋਪਾਲ, ਅਜੇ ਮਾਕਨ ਅਤੇ ਆਰਐੱਸ ਸੁਰੇਜਵਾਲਾ ਕਿਵੇਂ ਤੈਅ ਕਰ ਸਕਦੇ ਹਨ ਮੰਤਰੀ ਲਈ ਕੌਣ ਸਹੀ ਹੈ, ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਮੈਂ ਮੰਤਰੀਆਂ ਨੂੰ ਉਨ੍ਹਾਂ ਦੀ ਜਾਤ ਨਹੀਂ ਬਲਕਿ ਪ੍ਰਭਾਵਸ਼ੀਲਤਾ ਦੇ ਆਧਾਰ ‘ਤੇ ਨਿਯੁਕਤ ਕੀਤਾ ਸੀ।”

ਰਾਹੁਲ-ਪ੍ਰਿਅੰਕਾ ਨੂੰ ਤਜਰਬੇ ਦੀ ਘਾਟ
ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਰਾਹੁਲ ਅਤੇ ਪ੍ਰਿਅੰਕਾ ਨੂੰ ਆਪਣੇ ਬੱਚਿਆਂ ਵਾਂਗ ਦੱਸਿਆ ਪਰ ਨਾਲ ਹੀ ਉਨ੍ਹਾਂ ਨੂੰ ਸਿਆਸੀ ਤਰਜਬੇ ਦੀ ਘਾਟ ਹੋਣ ਦਾ ਇਲਜ਼ਾਮ ਲਾਇਆ। ਕੈਪਟਨ ਨੇ ਅੱਗੇ ਕਿਹਾ, “ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਮੇਰੇ ਬੱਚਿਆਂ ਵਾਂਗ ਹਨ, ਇਹ ਸਬੰਧ ਇਸ ਤਰ੍ਹਾਂ ਖ਼ਤਮ ਨਹੀਂ ਹੋ ਸਕਦਾ।” “ਮੈਂ ਦੁਖੀ ਹਾਂ। ਗੱਲ ਤਾਂ ਹੈ ਇਹ ਕਿ ਗਾਂਧੀ ਭੈਣ-ਭਰਾ ਨੂੰ ਤਜਰਬੇ ਦੀ ਘਾਟ ਹੈ ਅਤੇ ਸਲਾਹਕਾਰ ਉਨ੍ਹਾਂ ਨੂੰ ਗ਼ਲਤ ਰਾਹ ਦਿਖਾ ਰਹੇ ਹਨ।”

ਇੱਧਰ ਕੈਪਟਨ ਉੱਧਰ ਭਾਜਪਾ
ਕੈਪਟਨ ਅਮਰਿੰਦਰ ਸਿੰਘ ਦੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਬਿਆਨਬਾਜ਼ੀ ਦੌਰਾਨ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਸ਼ਬਦੀ ਹਮਲਾ ਬੋਲਿਆ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ‘ਬੁਲਡੋਜ਼ਡ’ ਕੀਤਾ ਜਾ ਰਿਹਾ ਹੈ, ਜੋ ਲੋਕਤੰਤਰ ਲਈ ਬਹੁਤ ਘਾਤਕ ਸਿੱਧ ਹੋਵੇਗਾ।ਚੁੱਘ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਮੁੱਖ ਮੰਤਰੀ ਅਤੇ ਦੋ ਉਪ ਮੁੱਖ ਮੰਤਰੀਆਂ ਨਾਲ ਨਜਿੱਠ ਰਹੇ ਹਨ, ਉਨ੍ਹਾਂ ਨੂੰ ਨਿਰਦੇਸ਼ ਦੇ ਰਹੇ ਹਨ, ਪਹਿਲੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਇਹ ਆਲ ਇੰਡੀਆ ਕਾਂਗਰਸ ਪਾਰਟੀ ਦਾ ਸਪੱਸ਼ਟ ਸੰਕੇਤ ਹੈ ਕਿ ਸਿੱਧੂ ਹੀ ਪੰਜਾਬ ਵਿੱਚ ਚਿਹਰਾ ਹੋਣਗੇ ਅਤੇ ਬਾਕੀ ਕੈਬਨਿਟ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹਿਣਗੇ।