Punjab News

ਸਿੱਧੂ ਨੂੰ ਪ੍ਰਧਾਨਗੀ ਦੀਆਂ ਚਰਚਾਵਾਂ ਨਾਲ ਕਾਂਗਰਸ ’ਚ ਤਰਥੱਲੀ, ਹਰੀਸ਼ ਰਾਵਤ ਦੇ ਐਕਸ਼ਨ ਦਾ ਸਿਆਸੀ ਰੀਐਕਸ਼ਨ

ਚੰਡੀਗੜ੍ਹ  : ਵੀਰਵਾਰ ਸਵੇਰੇ ਪੰਜਾਬ ਕਾਂਗਰਸ ਦੇ ਘਮਾਸਾਨ ’ਤੇ ਸੁਲ੍ਹਾ ਦਾ ਫਾਰਮੂਲਾ ਦੱਸਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਸ਼ਾਮ ਹੁੰਦੇ-ਹੁੰਦੇ ਕਹਿਣ ਲੱਗੇ ਕਿ ਹਾਲੇ ਮੰਥਨ ਜਾਰੀ ਹੈ। ਇਹ ਮੰਥਨ ਹਾਲੇ ਕਿੰਨੇ ਦਿਨ ਚੱਲੇਗਾ, ਇਸਦਾ ਫਿਲਹਾਲ ਕਿਸੇ ਕੋਲ ਕੋਈ ਜਵਾਬ ਨਹੀਂ ਹੈ। ਮਤਲਬ ਇਹ ਹੈ ਕਿ ਜਿੱਥੋਂ ਚੱਲੇ ਸੀ, ਉਥੇ ਹੀ ਆ ਕੇ ਦੁਬਾਰਾ ਖੜ੍ਹੇ ਹੋ ਗਏ। ਪੰਜਾਬ ਕਾਂਗਰਸ ’ਤੇ ਸਸਪੈਂਸ ਬਰਕਰਾਰ ਹੈ। ਹਾਲਾਂਕਿ ਹਰੀਸ਼ ਰਾਵਤ ਦੇ ਇਸ ਐਕਸ਼ਨ ਨੇ ਸਿਆਸੀ ਰੀਐਕਸ਼ਨ ਜ਼ਰੂਰ ਦੇ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਹਰੀਸ਼ ਰਾਵਤ ਨੇ ਜਾਣਬੁਝ ਕੇ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਗੱਲ ਕਹੀ ਤਾਂ ਕਿ ਇਸ ਦੇ ਪੰਜਾਬ ਕਾਂਗਰਸ ’ਤੇ ਪੈਣ ਵਾਲੇ ਪ੍ਰਭਾਵ ਦਾ ਠੀਕ ਮੁਲਾਂਕਣ ਕੀਤਾ ਜਾ ਸਕੇ। ਇਹ ਪਤਾ ਚੱਲ ਸਕੇ ਕਿ ਪੰਜਾਬ ਵਿਚ ਗੁੱਟਬੰਦੀ ਦੀ ਅਸਲ ਸਥਿਤੀ ਕੀ ਹੈ।

ਇਸ ਦਾ ਟ੍ਰੇਲਰ ਵਿਖਾਈ ਵੀ ਦਿੱਤਾ। ਦੇਰ ਸ਼ਾਮ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪਹੁੰਚੇ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ ਸਮੇਤ ਵਿਧਾਇਕ ਕੁਲਬੀਰ ਜੀਰਾ, ਸੁਖਜੀਤ ਲੋਹਗੜ੍ਹ, ਕੁਸ਼ਲਦੀਪ ਸਿੰਘ ਢਿੱਲੋਂ ਤੋਂ ਇਲਾਵਾ ਪਰਗਟ ਸਿੰਘ, ਕੁਲਜੀਤ ਨਾਗਰਾ ਸਮੇਤ ਕਈ ਨੇਤਾਵਾਂ ਦਾ ਮਜਮਾ ਲੱਗਾ। ਦੱਸਿਆ ਗਿਆ ਕਿ ਬਦਲੀ ਹਵਾ ਦੇ ਨਾਲ ਇਨ੍ਹਾਂ ਨੇਤਾਵਾਂ ਨੇ ਅਗਲੀ ਰਣਨੀਤੀ ਤੈਅ ਕਰਨ ’ਤੇ ਚਰਚਾ ਕੀਤੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

ਉੱਧਰ, ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੱਧਰ ’ਤੇ ਵੀ ਗੁੱਟਬੰਦੀ ਦਾ ਆਗਾਜ਼ ਹੋ ਗਿਆ। ਮੰਤਰੀ ਗੁਰਮੀਤ ਸਿੰਘ ਸੋਢੀ, ਸੁੰਦਰ ਸ਼ਾਮ ਅਰੋੜਾ, ਵਿਧਾਇਕ ਫਤਹਿਜੰਗ ਬਾਜਵਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਸਿਸਵਾਂ ਫ਼ਾਰਮ ਹਾਊਸ ’ਤੇ ਕਰੀਬ 25 ਵਿਧਾਇਕ, ਮੰਤਰੀ ਅਤੇ ਨੇਤਾ ਇਕੱਠੇ ਹੋਏ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਇਸ ਮੁਲਾਕਾਤ ਦੌਰਾਨ ਨੇਤਾਵਾਂ ਨਾਲ ਸੰਭਾਵੀ ਰਣਨੀਤੀ ’ਤੇ ਚਰਚਾ ਕੀਤੀ। ਇਸ ਬੈਠਕ ਵਿਚ ਅਗਲੇ ਕੁਝ ਦਿਨਾਂ ਵਿਚ ਹੋਣ ਵਾਲੇ ਮੰਤਰੀ ਮੰਡਲ ਦੇ ਫੇਰਬਦਲ ’ਤੇ ਵੀ ਵਿਸਥਾਰਪੂਰਵਕ ਮੰਥਨ ਕੀਤਾ ਗਿਆ।

 

ਮੁੱਖ ਮੰਤਰੀ ਨੇ ਬੈਠਕ ਵਿਚ ਸਾਰੇ ਨੇਤਾਵਾਂ ਨਾਲ ਬੈਠਕ ਵਿਚ ਇਸ ਗੱਲ ’ਤੇ ਸਹਿਮਤੀ ਬਣਾਈ ਕਿ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦਾ ਫ਼ੈਸਲਾ ਮੰਨਣਯੋਗ ਨਹੀਂ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਸ਼ੁੱਕਰਵਾਰ ਨੂੰ ਵੀ ਮੰਤਰੀਆਂ, ਸੰਸਦ ਮੈਂਬਰ, ਵਿਧਾਇਕਾਂ ਅਤੇ ਨੇਤਾਵਾਂ ਨਾਲ ਬੈਠਕ ਕਰਨਗੇ ਤਾਂ ਕਿ ਕਾਂਗਰਸ ਹਾਈਕਮਾਨ ਦੇ ਪੱਧਰ ’ਤੇ ਠੀਕ ਤਸਵੀਰ ਰੱਖੀ ਜਾ ਸਕੇ। ਅਜਿਹਾ ਇਸ ਲਈ ਵੀ ਹੈ ਕਿ ਪ੍ਰਿਯੰਕਾ ਗਾਂਧੀ ਸਿੱਧੂ ਨੂੰ ਕੋਈ ਅਹਿਮ ਜ਼ਿੰਮੇਵਾਰੀ ਦੇਣ ’ਤੇ ਅੜੇ ਹੋਏ ਹਨ। ਪਿਛਲੇ ਦਿਨੀਂ ਜਦੋਂ ਸਿੱਧੂ ਅਚਾਨਕ ਰਾਹੁਲ ਗਾਂਧੀ ਨਾਲ ਮੁਲਾਕਾਤ ਦੀਆਂ ਚਰਚਾਵਾਂ ਨਾਲ ਦਿੱਲੀ ਰਵਾਨਾ ਹੋਏ ਤਾਂ ਰਾਹੁਲ ਗਾਂਧੀ ਨੇ ਦੋ ਟੁਕ ਸ਼ਬਦਾਂ ਵਿਚ ਕਹਿ ਦਿੱਤਾ ਕਿ ਉਨ੍ਹਾਂ ਦੀ ਸਿੱਧੂ ਨਾਲ ਕੋਈ ਮੁਲਾਕਾਤ ਫਿਕਸ ਨਹੀਂ ਹੈ।

 

ਤਦ ਪ੍ਰਿਯੰਕਾ ਗਾਂਧੀ ਨੇ ਹੀ ਮੋਰਚਾ ਸੰਭਾਲਦੇ ਹੋਏ ਸਿੱਧੂ ਨਾਲ ਨਾ ਸਿਰਫ਼ ਤਸਵੀਰ ਖਿਚਾਈ ਸਗੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਰਾਹ ਤਿਆਰ ਕੀਤਾ। ਪੰਜਾਬ ਕਾਂਗਰਸ ਨੂੰ ਲੈ ਕੇ ਸਹਿਮਤੀ ਬਣਾਉਣ ਦੀ ਹਾਲ ਹੀ ਵਿਚ ਜੋ ਬੈਠਕਾਂ ਹੋਈਆਂ, ਉਸ ਵਿਚ ਵੀ ਪ੍ਰਿਯੰਕਾ ਗਾਂਧੀ ਨੇ ਸਿੱਧੂ ਦੀ ਖੂਬ ਵਕਾਲਤ ਕੀਤੀ। ਹਾਲਾਂਕਿ ਕਾਂਗਰਸ ਹਾਈਕਮਾਨ ਨੇ ਪੱਤੇ ਨਹੀਂ ਖੋਲ੍ਹੇ। ਮੰਨਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਕਾਂਗਰਸ ਦੇ ਪੱਧਰ ’ਤੇ ਰੀਐਕਸ਼ਨ ਆਉਣ ਤੋਂ ਬਾਅਦ ਹਾਈਕਮਾਨ ਛੇਤੀ ਹੀ ਪੰਜਾਬ ਕਾਂਗਰਸ ’ਤੇ ਕੋਈ ਆਖਰੀ ਫ਼ੈਸਲਾ ਲੈ ਸਕਦੀ ਹੈ।