India News Punjab News

ਸਿੱਧੂ ਮੂਸੇਵਾਲਾ ਕਤਲਕਾਂਡ : 4-5 ਸੂਬਿਆਂ ਦੀ ਪੁਲਸ ਜਾਂਚ ਚ ਜੁਟੀ

ਨਾਗਪੁਰ : ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀਪ ਵਾਲਸੇ ਪਾਟਿਲ ਨੇ ਐਤਵਾਰ ਨੂੰ ਕਿਹਾ ਕਿ ਪੰਜਾਬ ਵਿੱਚ ਪਿਛਲੇ ਮਹੀਨੇ ਪ੍ਰਸਿੱਧ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ 4-5 ਸੂਬਿਆਂ ਦੀ ਪੁਲਸ ਕਰ ਰਹੀ ਹੈ।ਜਦੋਂ ਐਤਵਾਰ ਇੱਥੇ ਪੱਤਰਕਾਰਾਂ ਨੇ ਪਾਟਿਲ ਕੋਲੋਂ ਮੂਸੇਵਾਲਾ ਕਤਲਕਾਂਡ ਦੀ ਜਾਂਚ ਵਿੱਚ ਤਾਜ਼ਾ ਜਾਣਕਾਰੀ ਬਾਰੇ ਪੁੱਛਿਆ ਤਾਂ ਮੰਤਰੀ ਨੇ ਕਿਹਾ ਮੈਂ ਜਾਂਚ ਬਾਰੇ ਜਨਤਕ ਤੌਰ ’ਤੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਇਹ ਇੱਕ ਨਾਜ਼ੁਕ ਮਾਮਲਾ ਹੈ। ਮਹਾਰਾਸ਼ਟਰ ਪੁਲਸ ਅਤੇ ਰਾਜ ਏ. ਟੀ. ਐੱਸ. ਵਲੋਂ ਵੀ ਇਸ ’ਤੇ ਨਜ਼ਰ ਰੱਖੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਮੂਸੇਵਾਲਾ ਕਤਲਕਾਂਡ ‘ਚ ਮਹਾਰਾਸ਼ਟਰ ਦੀ ਪੁਣੇ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਣੇ ਪੁਲਸ ਨੇ ਇਸ ਮਾਮਲੇ ‘ਚ ਫਰਾਰ ਦੋਸ਼ੀ ਸੰਤੋਸ਼ ਜਾਧਵ ਨੂੰ ਗ੍ਰਿਫ਼ਤਾਰ ਕੀਤਾ ਹੈ। ਮਹਾਰਾਸ਼ਟਰ ਪੁਲਸ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਕੁਲਵੰਤ ਕੁਮਾਰ ਸਾਰੰਗਲ ਨੇ ਇਸ ਗੱਲ ਜੀ ਜਾਣਕਾਰੀ ਮੀਡੀਆ ਕਰਮੀਆਂ ਨਾਲ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਜਾਧਵ ਨੂੰ ਸਾਲ 2021 ‘ਚ ਪੁਣੇ ਦੇ ਮੰਚਰ ਪੁਲਸ ਸਟੇਸ਼ਨ ‘ਚ ਦਰਜ ਕੀਤੇ ਗਏ, ਇਕ ਪੁਰਾਣੇ ਕਤਲਕਾਂਡ ਦੇ ਮਾਮਲੇ ‘ਚ ਹਿਰਾਸਤ ‘ਚ ਲਿਆ ਗਿਆ ਹੈ। ਉਹ ਬੀਤੇ ਇਕ ਸਾਲ ਤੋਂ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਸੀ। ਪੁਣੇ ਪੁਲਸ ਨੇ ਇਹ ਗ੍ਰਿਫ਼ਤਾਰੀ ਗੁਜਰਾਤ ਦੇ ਕੱਛ ਤੋਂ ਕੀਤੀ ਹੈ। ਸੰਤੋਸ਼ ਜਾਧਵ ਮੂਸੇਵਾਲਾ ਕਤਲਕਾਂਡ ‘ਚ ਇਕ ਸ਼ੱਕੀ ਅਤੇ ਸ਼ਾਰਪ ਸ਼ੂਟਰ ਹੈ। ਉਸ ਦੇ ਨਾਲ ਉਸ ਦੇ ਇਕ ਹੋਰ ਸਹਿਯੋਗੀ ਨਵਨਾਥ ਸੂਰਿਆਵੰਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਫਿਲਹਾਲ ਉਨ੍ਹਾਂ ਨੂੰ 20 ਜੂਨ ਤੱਕ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ।