Punjab News

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ

ਮਾਨਸਾ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਭੋਗ ਅਤੇ ਅੰਤਿਮ ਅਰਦਾਸ ਹੋ ਗਈ ਹੈ। ਭੋਗ ਪੈਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 29 ਮਈ ਨੂੰ ਸਾਡੇ ਲਈ ਕਾਲਾ ਦਿਨ ਚੜ੍ਹਿਆ ਸੀ, ਜਿਸ ਨੇ ਸਾਡੀਆਂ ਖ਼ੁਸ਼ੀਆਂ ਖੋਹ ਲਈਆਂ। ਉਸ ਦਿਨ ਸਿੱਧੂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ।

ਇਸ ਮੌਕੇ ਮਾਤਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਸਾਡਾ ਬਹੁਤ ਸਾਰੇ ਲੋਕਾਂ ਨੇ ਸਾਥ ਦਿੱਤਾ ਅਤੇ ਸਾਨੂੰ ਹੌਂਸਲਾ ਦਿੱਤਾ। ਲੋਕਾਂ ਦੇ ਇਸ ਹੌਂਸਲੇ ਸਦਕਾ ਅੱਜ ਅਸੀਂ ਆਪਣੇ ਆਪ ਨੂੰ ਕਾਇਮ ਕੀਤਾ ਹੈ। ਮੈਂ ਉਮੀਦ ਕਰਦੀ ਹਾਂ ਕਿ ਕੀ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਸਾਡਾ ਸਾਥ ਦੇਵੋਗੇ। 

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਦੀ ਯਾਦ ’ਚ ਇਕ-ਇਕ ਰੁੱਖ ਜ਼ਰੂਰ ਲਗਾਉਣ ਅਤੇ ਉਸ ਦਾ ਖ਼ਿਆਲ ਰੱਖਣ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਸਿੱਧੂ ਦੇ ਬੋਲ੍ਹਾਂ ਨੂੰ ਹਮੇਸ਼ਾ ਲਈ ਕਾਇਮ ਰੱਖੋ। ਇਸ ਦੇ ਨਾਲ ਹੀ ਮਾਤਾ ਨੇ ਕਿਹਾ ਕਿ ਉਹ ਇਥੇ ਆਉਣ ’ਤੇ ਆਪ ਸਭ ਦਾ ਧੰਨਵਾਦ ਕਰਦੀ ਹੈ।

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰ ਕੇ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਲਈ ਗਈ ਸੀ। ਸਿੱਧੂ ਦੀ ਅੰਤਿਮ ਅਰਦਾਸ ’ਚ ਲੋਕ ਵੱਡੀ ਗਿਣਤੀ ’ਚ ਸ਼ਾਮਲ ਹੋਣ ਲਈ ਆਏ, ਜੋ ਨਮ ਅੱਖਾਂ ਨਾਲ ਆਪਣੇ ਚਹੇਤੇ ਸਿਤਾਰੇ ਨੂੰ ਅਲਵਿਦਾ ਆਖ ਰਹੇ ਹਨ।