Punjab News

ਸ੍ਰੀ ਅਨੰਦਪੁਰ ਸਾਹਿਬ ਤੋਂ ਵੱਡੀ ਖ਼ਬਰ, ਹੋਲਾ-ਮਹੱਲਾ ਵੇਖਣ ਆਈ ਔਰਤ ਨਾਲ ਗੱਡੀ ’ਚ ਗੈਂਗਰੇਪ

ਸ੍ਰੀ ਅਨੰਦਪੁਰ ਸਾਹਿਬ -ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਆਈ ਇਕ ਔਰਤ ਨਾਲ ਪੰਜ ਲ਼ੜਕਿਆਂ ਵੱਲੋਂ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਸ੍ਰੀ ਅਨੰਦਪੁਰ ਸਾਹਿਬ ਦੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੰਘੀ 16 ਮਾਰਚ ਨੂੰ ਨਵਾਂਸ਼ਹਿਰ ਦੇ ਨਜ਼ਦੀਕ ਖੜਕੜਕਲਾਂ ਵਿਖੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰੱਖੇ ਸਹੁੰ ਚੁੱਕ ਸਮਾਗਮ ਸਬੰਧੀ, ਬੰਗਾ ਪੁਲਸ ਵੱਲੋਂ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਇੰਨੇ ਨੂੰ ਸ੍ਰੀ ਅਨੰਦਪੁਰ ਸਾਹਿਬ ਸਾਈਡ ਤੋਂ ਆਈ ਇਕ ਤੇਜ਼ ਰਫ਼ਤਾਰ ਗੱਡੀ ਵੱਲੋਂ ਬੈਰੀਕੇਟਿੰਗ ਤੋੜ ਕੇ ਲੰਘਣ ਦੀ ਕੋਸ਼ਿਸ਼ ਕੀਤੀ ਗਈ। 

 

ਉਨ੍ਹਾਂ ਦੱਸਿਆ ਕਿ ਇਸ ਮੌਕੇ ਖਡ਼੍ਹੀ ਬੰਗਾ ਪੁਲਸ ਵੱਲੋਂ ਤੁਰੰਤ ਉਕਤ ਗੱਡੀ ਨੂੰ ਕਾਬੂ ਕਰਕੇ ਗੱਡੀ ਵਿਚ ਸਵਾਰ ਪੰਜ ਲਡ਼ਕਿਆਂ ਅਤੇ ਇਕ ਔਰਤ ਨੂੰ ਕਾਬੂ ਕੀਤਾ ਗਿਆ। ਮਾਮਲਾ ਉਸ ਵੇਲੇ ਦਿਲਚਸਪ ਬਣ ਗਿਆ ਜਦੋਂ ਕਾਬੂ ਕੀਤੀ ਗਈ ਉਕਤ ਔਰਤ ਨੇ ਬੰਗਾ ਪੁਲਸ ਕੋਲ ਲਿਖਵਾਈ ਰਿਪੋਰਟ ’ਚ ਦੱਸਿਆ ਕਿ ਉਹ ਹੋਲਾ-ਮਹੱਲਾ ਮੇਲਾ ਵੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਆਈ ਹੋਈ ਸੀ ਤਾਂ ਇਨ੍ਹਾਂ ਪੰਜ ਲੜਕਿਆਂ ਨੇ ਉਸ ਨੂੰ ਵਰਗਲਾ ਕੇ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਉੱਥੇ ਹੀ ਚੱਲਦੀ ਗੱਡੀ ਵਿਚ ਇਨ੍ਹਾਂ ਪੰਜੇ ਲਡ਼ਕਿਆਂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ।

 

ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਬੰਗਾ ਪੁਲਸ ਵੱਲੋਂ ਉਕਤ ਲਡ਼ਕਿਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਜਬਰ-ਜ਼ਿਨਾਹ ਦਾ ਮਾਮਲਾ ਇਥੇ ਦਾ ਹੋਣ ਕਰਕੇ ਅਸੀਂ ਵੀ ਉਕਤ ਕਥਿਤ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਰੰਟ ’ਤੇ ਸ੍ਰੀ ਅਨੰਦਪੁਰ ਸਾਹਿਬ ਲਿਆ ਕੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਂਗੇ। ਔਰਤ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।