ਸੰਯੁਕਤ ਕਿਸਾਨ ਮੋਰਚਾ ਨੇ ਲੋਕਾਂ ਨੂੰ 27 ਸਤੰਬਰ ਨੂੰ ‘ਭਾਰਤ ਬੰਦ’ ‘ਚ ਸ਼ਾਮਲ ਹੋਣ ਦੀ ਕੀਤੀ ਅਪੀਲ

ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਵੀਰਵਾਰ ਨੂੰ ਦੇਸ਼ ਦੇ ਲੋਕਾਂ ਨੂੰ ਕੇਂਦਰ ਦੇ ਤਿੰਨ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ 27 ਸਤੰਬਰ ਨੂੰ ‘ਭਾਰਤ ਬੰਦ’ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਕਿਸਾਨ ਅੰਦੋਲਨ ਦੀ ਅਗਵਾਈ ਕਰ ਰਿਹਾ ਐੱਸ.ਕੇ.ਐੱਮ. 40 ਤੋਂ ਜ਼ਿਆਦਾ ਖੇਤੀਬਾੜੀ ਸੰਗਠਨਾਂ ਦਾ ਪ੍ਰਮੁੱਖ ਸੰਗਠਨ ਹੈ। ਮੋਰਚਾ ਨੇ ਰਾਜਨੀਤਕ ਦਲਾਂ ਨੂੰ ਵੀ ਲੋਕਤੰਤਰ ਅਤੇ ਸੰਘਵਾਦ ਦੇ ਸਿੱਧਾਂਤਾਂ ਦੀ ਰੱਖਿਆ ਲਈ ਕਿਸਾਨਾਂ  ਦੇ ਨਾਲ ਖੜੇ ਹੋਣ ਦਾ ਐਲਾਨ ਕੀਤਾ।

ਸੰਯੁਕਤ ਕਿਸਾਨ ਮੋਰਚਾ ਨੇ ਇਸ ਇਤਿਹਾਸਕ ਸੰਘਰਸ਼ ਦੇ 10 ਮਹੀਨੇ ਪੂਰੇ ਹੋਣ ‘ਤੇ ਕੇਂਦਰ ਸਰਕਾਰ ਖ਼ਿਲਾਫ਼ ਸੋਮਵਾਰ (27 ਸਤੰਬਰ) ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਮੋਰਚਾ ਨੇ ਇੱਕ ਬਿਆਨ ਵਿੱਚ ਕਿਹਾ, ਐੱਸ.ਕੇ.ਐੱਮ. ਹਰ ਭਾਰਤੀ ਨੂੰ ਇਸ ਦੇਸ਼ ਵਿਆਪੀ ਅੰਦੋਲਨ ਵਿੱਚ ਸ਼ਾਮਲ ਹੋਣ ਅਤੇ ਭਾਰਤ ਬੰਦ ਨੂੰ ਵਿਆਪਕ ਰੂਪ ਤੋਂ ਸਫਲ ਬਣਾਉਣ ਦੀ ਅਪੀਲ ਕਰਦਾ ਹੈ। ਵਿਸ਼ੇਸ਼ ਰੂਪ ਨਾਲ, ਅਸੀਂ ਕਾਮਿਆਂ, ਵਪਾਰੀਆਂ, ਟ੍ਰਾਂਸਪੋਰਟਰਾਂ, ਕਾਰੋਬਾਰੀਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਔਰਤਾਂ ਅਤੇ ਸਾਰੇ ਸਾਮਾਜਕ ਅੰਦੋਲਨਾਂ ਦੇ ਸੰਗਠਨਾਂ ਨੂੰ ਉਸ ਦਿਨ ਕਿਸਾਨਾਂ ਦੇ ਨਾਲ ਏਕਤਾ ਵਿਖਾਉਣ ਦੀ ਅਪੀਲ ਕਰਦੇ ਹਾਂ। 

 

ਮੋਰਚਾ ਨੇ ਸਾਰੇ ਰਾਜਨੀਤਕ ਦਲਾਂ ਅਤੇ ਸੂਬਾ ਸਰਕਾਰਾਂ ਨੂੰ ਵੀ ਭਾਰਤ ਬੰਦ ਨੂੰ ਸਮਰਥਨ ਦੇਣ ਅਤੇ ਲੋਕਤੰਤਰ ਅਤੇ ਸੰਘਵਾਦ ਦੇ ਸਿੱਧਾਂਤਾਂ ਦੀ ਰੱਖਿਆ ਲਈ ਕਿਸਾਨਾਂ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ। ਹਾਲਾਂਕਿ, ਉਸ ਨੇ ਕਿਹਾ ਕਿ ਉਨ੍ਹਾਂ ਦੀ ਨੀਤੀ ਰਹੀ ਹੈ ਕਿ ਰਾਜਨੀਤਕ ਦਲਾਂ ਦੇ ਨੁਮਾਇੰਦੇ ਐੱਸ.ਕੇ.ਐੱਮ. ਮੰਚ ਸਾਂਝਾ ਨਹੀਂ ਕਰਨਗੇ।  ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। ਹਸਪਤਾਲ, ਮੈਡੀਕਲ ਸਟੋਰ, ਰਾਹਤ ਅਤੇ ਬਚਾਅ ਕੰਮ ਸਮੇਤ ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਜਾਵੇਗੀ। ਮੋਰਚਾ ਨੇ ਕਿਹਾ, ਬੰਦ ਸਵੈ -ਇੱਛਤ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ।