Punjab News

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਵਲੋਂ ਪੰਜਾਬ ਦੀਆਂ ਸੜਕਾਂ ਜਾਮ, ਦੇਖੋ ਤਸਵੀਰਾਂ

ਜਲੰਧਰ : ਹਰਿਆਣਾ ਦੇ ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ’ਤੇ ਪੁਲਸ ਵਲੋਂ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਦਿੱਤੇ ਸੜਕਾਂ ਜਾਮ ਕਰਨ ਦੇ ਸੱਦੇ ਤਹਿਤ ਕਿਸਾਨਾਂ ਵਲੋਂ ਪੰਜਾਬ ਦੇ ਕਈ ਮੁੱਖ ਸੜਕੀ ਮਾਰਗ ਜਾਮ ਕਰ ਦਿੱਤੇ ਗਏ ਹਨ। ਸੜਕਾਂ ’ਤੇ ਲਗਾਏ ਇਹ ਧਰਨੇ ਦੁਪਹਿਰ ਦੋ ਵਜੇ ਤੋਂ ਬਾਅਦ ਖੋਲ੍ਹ ਦਿੱਤੇ ਜਾਣਗੇ।

ਦੋਆਬਾ ਕਿਸਾਨ ਕਮੇਟੀ ਨਾਲ ਜੁੜੇ ਕਿਸਾਨਾਂ ਨੇ ਲਾਠੀਚਾਰਜ ਦੇ ਵਿਰੋਧ ਵਿਚ ਜਲੰਧਰ-ਪਠਾਨਕੋਟ-ਜੰਮੂ ਹਾਈਵੇਅ ਜਾਮ ਕਰ ਦਿੱਤਾ। ਗੁੱਸੇ ਵਿਚ ਆਏ ਕਿਸਾਨਾਂ ਨੇ ਹਰਿਆਣਾ ਦੀ ਖੱਟੜ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰੀ ਨਾਅਰੇਬਾਜ਼ੀ ਕੀਤੀ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਰਨਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਲੁਧਿਆਣਾ-ਦਿੱਲੀ ਮੁੱਖ ਹਾਈਵੇ ਤੇ ਸੂਲਰ ਘਰਾਟ ਵਿਖੇ 12 ਵਜੇ ਤੋਂ ਲੈਕੇ 2 ਵਜੇ ਤੱਕ ਚੱਕਾ ਜਾਮ ਕਰਕੇ ਮੋਦੀ ਸਰਕਾਰ ਅਤੇ ਖੱਟੜ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਤੇ ਖੱਟੜ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਚੱਲ ਰਹੇ ਅੰਦੋਲਨ ਨੂੰ ਲਾਠੀ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅੰਦੋਲਨ ਜਾਰੀ ਰਹੇਗਾ ਅਤੇ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ।

 

ਲੁਧਿਆਣਾ ਵਿਚ ਵੀ ਕਿਸਾਨਾਂ ਨੇ ਫਿਰੋਜ਼ਪੁਰ ਹਾਈਵੇਅ ਬੰਦ ਕਰ ਦਿੱਤਾ। ਇਸ ਦੇ ਬਾਰੇ ਗੱਲ ਕਰਦੇ ਹੋਏ ਮਹਿਲਾ ਕਿਸਾਨਾਂ ਨੇ ਕਿਹਾ ਕਿ ਕਰਨਾਲ ਵਿਚ ਕਿਸਾਨਾਂ ਉੱਪਰ ਅਤਿਆਚਾਰ ਕੀਤਾ ਗਿਆ ਹੈ। ਜਿਸ ਦੇ ਰੋਸ ਵਜੋਂ ਅੱਜ ਉਹ ਧਰਨਾ-ਪ੍ਰਦਰਸ਼ਨ ਵਿਚ ਸ਼ਾਮਲ ਹੋਈਆਂ ਹਨ । ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਦੀ ਇਕ ਸਾਥੀ ਮਹਿਲਾ ਕਿਸਾਨ ਨਾਲ ਬਦਤਮੀਜ਼ੀ ਕੀਤੀ ਗਈ ਸੀ ਜਿਸ ਦੇ ਰੋਸ ਵਜੋਂ ਉਹ ਚੰਡੀਗੜ੍ਹ ਜਾਕੇ ਵੀ ਪ੍ਰਦਰਸ਼ਨ ਕਰਨਗੀਆ। ਉਨ੍ਹਾਂ ਨੇ ਮੰਗ ਕੀਤੀ ਕਿ ਮਹਿਲਾ ਕਿਸਾਨ ਨਾਲ ਬਤਮੀਜ਼ੀ ਕਰਨ ਵਾਲੇ ਭਾਜਪਾ ਕਿਸਾਨਾਂ ਉੱਪਰ ਕੇਸ ਦਰਜ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਉੱਥੇ ਹੀ ਇਕ 17 ਸਾਲ ਦੀ ਬੱਚੀ ਵੀ ਧਰਨੇ ਦਾ ਹਿੱਸਾ ਬਣੀ ਅਤੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਉੱਪਰ ਅਤਿਆਚਾਰ ਕਰ ਰਹੀ ਹੈ।

 

ਇਸ ਤੋਂ ਇਲਾਵਾ ਫਰੀਦਕੋਟ ਵਿਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਨੰਬਰ 54 ਜਾਮ ਕਰ ਦਿੱਤਾ। ਜਦਕਿ ਪੰਜਾਬ ਭਰ ਵਿਚ ਕਈ ਮੁੱਖ ਹਾਵੀਏਅ ਕਿਸਾਨਾਂ ਵਲੋਂ ਦੋ ਘੰਟੇ ਲਈ ਜਾਮ ਕਰ ਦਿੱਤੇ ਗਏ।ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਉਦੋਂ ਤਕ ਆਪਣੇ ਘਰਾਂ ਨੂੰ ਨਹੀਂ ਮੁੜਨਗੇ ਜਦੋਂ ਮੋਦੀ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਮੋਦੀ ਸਰਕਾਰ ਕਿਸਾਨਾਂ ਨੂੰ ਜਿੰਨਾ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰੇਗੀ ਕਿਸਾਨਾਂ ਦਾ ਹੌਂਸਲਾ ਉਨਾ ਹੀ ਵਧੇਗਾ।