India News

ਹਨੀਪ੍ਰੀਤ ਇੰਸਾਂ ‘ਰਾਜ–ਧਰੋਹ’ ਦੇ ਦੋਸ਼ਾਂ ਤੋਂ ਬਰੀ

ਪੰਚਕੂਲਾ
ਪੰਚਕੂਲਾ ਦੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸੰਜੇ ਸੰਧੀਰ ਨੇ ਅੱਜ ਸਨਿੱਚਰਵਾਰ ਨੂੰ ਇੱਕ ਅਹਿਮ ਫ਼ੈਸਲਾ ਸੁਣਾਉਂਦਿਆਂ ਬਹੁ–ਚਰਚਿਤ ਹਨੀਪ੍ਰੀਤ ਇੰਸਾਂ ਉਰਫ਼ ਪ੍ਰਿਯੰਕਾ ਤਨੇਜਾ ਅਤੇ 44 ਹੋਰਨਾਂ ਵਿਰੁੱਧ ਲੱਗੇ – ‘ਰਾਜ–ਧਰੋਹ ਕਰਨ’ ਦੇ ਦੋਸ਼ ਹਟਾ ਦਿੱਤੇ ਹਨ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ‘ਮੁਤਬੰਨੀ ਧੀ’ ਹਨੀਪ੍ਰੀਤ ਕੌਰ ਉੱਤੇ ਦੋਸ਼ ਲੱਗੇ ਹੋਏ ਸਨ ਕਿ ਉਸ ਨੇ 25 ਅਗਸਤ, 2017 ਨੂੰ ਆਮ ਲੋਕਾਂ ਨੂੰ ਭੜਕਾ ਕੇ ਪੰਚਕੂਲਾ ਲੋਕਾਂ ਨੂੰ ਭੜਕਾ ਕੇ ਹਿੰਸਾ ਫੈਲਾਈ ਸੀ।
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (CJM) ਦੀ ਅਦਾਲਤ ਵਿੱਚ 6 ਨਵੰਬਰ ਨੂੰ ਹੋਵੇਗੀ।
ਇਸ ਤੋਂ ਪਹਿਲਾਂ ਹਨੀਪ੍ਰੀਤ ਇੰਸਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਆਪਣੀ ਜ਼ਮਾਨਤ ਅਰਜ਼ੀ ਦਾਖ਼ਲ ਕਰਦਿਆਂ ਆਖਿਆ ਸੀ ਕਿ ਉਹ ਬਿਲਕੁਲ ਬੇਕਸੂਰ ਹੈ ਤੇ ਪੁਲਿਸ ਨੇ ਉਸ ਨੂੰ ਦੰਗਾ ਭੜਕਾਉਣ ਦੇ ਮਾਮਲੇ ਵਿੱਚ ਐਂਵੇਂ ਝੂਠਾ ਹੀ ਫਸਾ ਦਿੱਤਾ ਹੈ। ਦਰਅਸਲ, 25 ਅਗਸਤ, 2017 ਨੂੰ ਜਦੋਂ ਪੰਚਕੂਲਾ ਦੀ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦੇ ਮੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਸੀ; ਤਦ ਉਸ ਤੋਂ ਬਾਅਦ ਪੰਚਕੂਲਾ ਵਿੱਚ ਦੰਗੇ ਭੜਕ ਗਏ ਸਨ।
ਉਸ ਹਿੰਸਾ ਵਿੱਚ 35 ਵਿਅਕਤੀਆਂ ਦੀ ਜਾਨ ਚਲੀ ਗਈ ਸੀ ਤੇ ਅਨੇਕ ਹੋਰ ਜ਼ਖ਼ਮੀ ਹੋ ਗਏ ਸਨ। ਕਈ ਵਾਹਨਾਂ ਦੀ ਸਾੜ–ਫੁਕ ਵੀ ਕੀਤੀ ਗਈ ਸੀ।
ਉਸੇ ਦਿਨ ਜਦੋਂ ਗੁਰਮੀਤ ਰਾਮ ਰਹੀਮ ਨੂੰ ਗ੍ਰਿਫ਼ਤਾਰ ਕਰ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਲਿਜਾਂਦਾ ਗਿਆ ਸੀ, ਤਦ ਹਨੀਪ੍ਰੀਤ ਵੀ ਉਸ ਦੇ ਨਾਲ ਹੀ ਗਈ ਸੀ।
ਅਸਲ ’ਚ, ਗੁਰਮੀਤ ਰਾਮ ਰਹੀਮ ਦੇ ਆਪਣੇ ਸੁਰੱਖਿਆ ਗਾਰਡ ਕਾਂਸਟੇਬਲ ਵਿਕਾਸ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਹਨੀਪ੍ਰੀਤ ਇੰਸਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।