Punjab News

ਹਿਰਾਸਤ ’ਚ ਰੱਖਣ ਮਗਰੋਂ ਨਵਜੋਤ ਸਿੱਧੂ ਤੇ ਮੰਤਰੀਆਂ ਨੂੰ ਲਖੀਮਪੁਰ ਜਾਣ ਦੀ ਮਿਲੀ ਇਜਾਜ਼ਤ

ਨੈਸ਼ਨਲ ਡੈਸਕ : ਨਵਜੋਤ ਸਿੱਧੂ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਹਾਰਨਪੁਰ ਦੇ ਸਰਸਾਵਾ ਥਾਣੇ ’ਚ ਤਕਰੀਬਨ 4 ਘੰਟੇ ਹਿਰਾਸਤ ’ਚ ਰੱਖਣ ਮਗਰੋਂ ਪੁਲਸ ਨੇ ਲਖੀਮਪੁਰ ’ਚ ਪੀੜਤ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਪੁਲਸ ਤੇ ਨਵਜੋਤ ਸਿੱਧੂ ਦਰਮਿਆਨ ਸਹਿਮਤੀ ਬਣੀ ਹੈ ਕਿ 20-25 ਲੋਕਾਂ ਦਾ ਵਫ਼ਦ ਲਖੀਮਪੁਰ ਜਾਵੇਗਾ। ਨਵਜੋਤ ਸਿੱਧੂ ਤੇ ਮੰਤਰੀਆਂ ਨੂੰ ਆਪਣੀਆਂ ਗੱਡੀਆਂ ਰਾਹੀਂ ਲਖੀਮਪੁਰ ਜਾਣ ਦੀ ਇਜਾਜ਼ਤ ਮਿਲੀ ਹੈ ਅਤੇ ਕੋਈ ਵੀ ਵਰਕਰ ਨਾਲ ਨਹੀਂ ਜਾਵੇਗਾ।

 

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਦੀ ਅਗਵਾਈ ‘ਚ ਲਖੀਮਪੁਰ ਖੀਰੀ ਵੱਲ ਵਧ ਰਹੇ ਪੰਜਾਬ ਕਾਂਗਰਸ ਦੇ ਕਾਫ਼ਿਲੇ ਨੂੰ ਹਰਿਆਣਾ-ਯੂ. ਪੀ. ਬਾਰਡਰ ’ਤੇ ਰੋਕ ਲਿਆ ਗਿਆ ਸੀ। ਇਸ ਦੌਰਾਨ ਸਿੱਧੂ ਦੀ ਪੁਲਸ ਅਧਿਕਾਰੀਆਂ ਨਾਲ ਤਿੱਖੀ ਬਹਿਸਬਾਜ਼ੀ ਹੋਈ ਤੇ ਸਿੱਧੂ ਤੇ ਕਾਫ਼ਿਲੇ ’ਚ ਸ਼ਾਮਲ ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਯੂ. ਪੀ. ਪੁਲਸ ਵੱਲੋਂ ਹਿਰਾਸਤ ‘ਚ ਲੈ ਲਿਆ ਗਿਆ। ਉਨ੍ਹਾਂ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਸਹਾਰਨਪੁਰ ਦੇ ਸਰਸਾਵਾ ਥਾਣੇ ’ਚ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਤਕਰੀਬਨ 4 ਘੰਟੇ ਹਿਰਾਸਤ ’ਚ ਰੱਖਿਆ ਗਿਆ। ਉਨ੍ਹਾਂ ਨਾਲ  ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ, ਕੁਲਬੀਰ ਜ਼ੀਰਾ ਵਿਧਾਇਕ, ਪਵਨ ਗੋਇਲ ਕਾਰਜਕਾਰੀ ਪ੍ਰਧਾਨ ਪੰਜਾਬ, ਕੁਲਜੀਤ ਨਾਗਰਾ ਵਿਧਾਇਕ, ਕਾਰਜਕਾਰੀ ਪ੍ਰਧਾਨ ਪੰਜਾਬ, ਡਾ. ਹਰਜੋਤ ਕਮਲ ਵਿਧਾਇਕ ਵੀ ਹਨ।