UK News

ਹਿੰਦੂ ਮੰਦਰ ਗਲਾਸਗੋ ਵਿਖੇ ਮੂਰਤੀ ਸਥਾਪਨਾ ਦਿਵਸ ਦੀ 15ਵੇਂ ਵਰ੍ਹੇਗੰਢ ਸੰਬੰਧੀ ਸਮਾਗਮ

ਗਲਾਸਗੋ: ਸਕਾਟਲੈਂਡ ਦਾ ਸ਼ਹਿਰ ਗਲਾਸਗੋ ਵੱਖ-ਵੱਖ ਭਾਈਚਾਰਿਆਂ ਦੇ ਫੁੱਲਾਂ ਨਾਲ ਗੁੰਦੇ ਗੁਲਦਸਤੇ ਵਾਂਗ ਹੈ। ਜੇ ਚਰਚ ਹਨ ਤਾਂ ਮਸਜਿਦਾਂ ਵੀ ਹਨ। ਜੇ ਗੁਰਦੁਆਰੇ ਹਨ ਤਾਂ ਮੰਦਰ ਵੀ ਹੈ। ਹਿੰਦੂ ਮੰਦਰ ਗਲਾਸਗੋ ਦਾ ਸੰਕਲਪ 1967 ‘ਚ ਲਗਭਗ ਸ਼ੁਰੂ ਹੋ ਗਿਆ ਸੀ, ਜਦੋਂ ਲੋਕ ਘਰੋ ਘਰ ਭਜਨ ਪੂਜਾ ਕਰਨ ਜਾਂਦੇ ਸਨ। 1971 ਵਿੱਚ ਗਰੇਟ ਜਾਰਜ ਸਟਰੀਟ ‘ਤੇ ਗਲਾਸਗੋ ਦਾ ਪਹਿਲਾ ਹਿੰਦੂ ਮੰਦਰ ਸਥਾਪਤ ਹੋਇਆ। 

23 ਜੁਲਾਈ 2006 ਨੂੰ ਹਿੰਦੂ ਮੰਦਰ ਗਲਾਸਗੋ ਆਪਣੇ ਨਵੇਂ ਰੂਪ ਵਿੱਚ “ਲਾ ਬੈਲੇ ਪਲੇਸ” ਵਿਖੇ ਸੰਗਤਾਂ ਲਈ ਤਿਆਰ ਹੋਇਆ। 2006 ‘ਚ ਹੋਈ ਮੂਰਤੀ ਸਥਾਪਨਾ ਸਬੰਧੀ ਹਰ ਸਾਲ ਮੂਰਤੀ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਮੂਰਤੀ ਸਥਾਪਨਾ ਦੇ 15 ਵਰ੍ਹੇ ਪੂਰੇ ਹੋਣ ਦੀ ਖੁਸ਼ੀ ਵਿੱਚ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ। ਜਿਸ ਦੌਰਾਨ ਅਚਾਰੀਆ ਮੇਧਨੀਪਤੀ ਮਿਸ਼ਰ ਜੀ ਵੱਲੋਂ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਭਜਨ ਗਾਇਨ ਤੇ ਆਰਤੀ ਆਦਿ ਰਸਮਾਂ ਸਮੇਂ ਗਲਾਸਗੋ ਸਮੇਤ ਦੂਰ ਦੁਰਾਡੇ ਦੇ ਇਲਾਕਿਆਂ ਚੋਂ ਵੀ ਸੰਗਤਾਂ ਨੇ ਹਾਜ਼ਰੀ ਭਰੀ।ਮੰਦਿਰ ਕਮੇਟੀ ਵੱਲੋਂ ਵਿਨੋਦ ਸ਼ਰਮਾ, ਐਂਡਰਿਊ ਕਰਿਸ਼ਨ ਲਾਲ, ਪਵਨ ਸੂਦ, ਅਨਿਲ ਸੂਦ, ਸੁਧੀਰ ਜੈਦਕਾ, ਡਾ. ਮਰਿਦੁਲਾ ਚਕਰਬਰਤੀ, ਅਸ਼ਵਨੀ ਸਭਰਪਾਲ, ਮਧੂ ਜੈਨ, ਮੰਜੁਲਿਕਾ ਸਿੰਘ, ਜੋਤੀ ਸ਼ਰਮਾ ਆਦਿ ਵੱਲੋਂ ਜਿੱਥੇ ਸੰਗਤਾਂ ਨੂੰ ਮੂਰਤੀ ਸਥਾਪਨਾ ਦਿਵਸ ਦੀ ਵਧਾਈ ਪੇਸ਼ ਕੀਤੀ, ਉੱਥੇ ਜੀ ਆਇਆਂ ਵੀ ਕਿਹਾ ਗਿਆ।