India News

ਹਿੰਦੂ ਸ਼ਰਨਾਰਥੀਆਂ ਨੂੰ ਜਾਣ ਨਹੀਂ ਦਵਾਂਗੇ, ਘੁਸਪੈਠੀਆਂ ਨੂੰ ਰਹਿਣ ਨਹੀਂ ਦਵਾਂਗੇ-ਅਮਿਤ ਸ਼ਾਹ

ਕੋਲਕਾਤਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਵਿਵਾਦਿਤ ਕੌਮੀ ਨਾਗਰਿਕ ਰਜਿਸਟ੍ਰੇਸ਼ਨ (ਐਨਆਰਸੀ) ਅਤੇ ਸਿਟੀਜ਼ਨਸ਼ਿਪ (ਸੋਧ) ਬਿੱਲ 2019 ਦੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਪੂਰੇ ਬਹੁਮਤ ਨਾਲ ਬਣਾਈ ਜਾਵੇਗੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ 2014 ਵਿੱਚ 2 ਸੀਟਾਂ ਅਤੇ ਅੱਜ 18 ਸੀਟਾਂ ਮਿਲੀਆਂ ਹਨ। ਪਰ ਬੰਗਾਲ ਦੇ ਤਕਰੀਬਨ ਢਾਈ ਕਰੋੜ ਲੋਕਾਂ ਨੇ ਕਮਲ ਦੇ ਨਿਸ਼ਾਨ ‘ਤੇ ਵੋਟ ਦਿੱਤੀ ਹੈ। ਆਗਾਮੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਵਾਲੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਸਾਡੇ ਵਰਕਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਮਿਤ ਸ਼ਾਹ ਨੇ ਆਰਟੀਕਲ 370 ‘ਤੇ ਕਿਹਾ ਕਿ ਬੰਗਾਲ ਦੇ ਬੇਟੇ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਸੁਫਨਾ ਅੱਜ ਸੱਚ ਹੋਇਆ। ਪੱਛਮੀ ਬੰਗਾਲ ਅਤੇ ਧਾਰਾ 370 ਦਾ ਖਾਸ ਸਬੰਧ ਹੈ ਕਿਉਂਕਿ ਬੰਗਾਲ ਦੇ ਬੇਟੇ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਇਹ ਨਾਅਰਾ ਦਿੱਤਾ ਸੀ- ਇੱਕ ਨਿਸ਼ਾਨ, ਇਕ ਕਾਨੂੰਨ ਤੇ ਇਕ ਪ੍ਰਧਾਨ।
ਅਮਿਤ ਸ਼ਾਹ ਨੇ ਕਿਹਾ ਕਿ ਲੋਕਾਂ ਨੂੰ ਐਨਆਰਸੀ ’ਤੇ ਵਰਗਲਾਇਆ ਜਾ ਰਿਹਾ ਹੈ। ਭਾਰਤ ਆਏ ਹਿੰਦੂ, ਸਿੱਖ ਅਤੇ ਈਸਾਈ ਭਾਈਚਾਰੇ ਦੇ ਸ਼ਰਨਾਰਥੀਆਂ ਨੂੰ ਦੇਸ਼ ਛੱਡਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਬਾਰੇ ਝੂਠ ਫੈਲਾਏ ਜਾ ਰਹੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਜਿਹੜੇ ਸ਼ਰਨਾਰਥੀ ਭਾਰਤ ਆਏ ਸਨ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਜਾਵੇਗੀ। ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ ਤੇ ਇਸ ਦਿਸ਼ਾ ਚ ਸਾਨੂੰ ਐਨ.ਆਰ.ਸੀ. ਵੀ ਲਾਗੂ ਕਰਨੀ ਹੋਵੇਗੀ।
ਉਨ੍ਹਾਂ ਮਮਤਾ ਸਰਕਾਰ ‘ਤੇ ਘੁਸਪੈਠੀਏ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਰਾਜਨੀਤਿਕ ਸਵਾਰਥ ਕਾਰਨ ਕੀਤਾ ਜਾ ਰਿਹਾ ਹੈ।