Punjab News

ਹੁਣ SIT ਖ਼ੁਦ ਜਾ ਕੇ ‘ਵੱਡੇ ਬਾਦਲ’ ਤੋਂ ਕਰੇਗੀ ਪੁੱਛਗਿੱਛ, ਦਿੱਤੀ ਨਵੀਂ ਤਾਰੀਖ਼

ਚੰਡੀਗੜ੍ਹ (ਰਮਨਜੀਤ) : ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਸੂਬਾ ਸਰਕਾਰ ਵੱਲੋਂ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਜਾਂਚ ਟੀਮ ਹੁਣ ਖ਼ੁਦ ਜਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕਰੇਗੀ। ਇਸ ਦੇ ਲਈ ਜਾਂਚ ਟੀਮ ਵੱਲੋਂ ਵੱਡੇ ਬਾਦਲ ਨੂੰ ਲਿਖ਼ਤੀ ਤੌਰ ‘ਤੇ ਇਸ ਦੀ ਸੂਚਨਾ ਦਿੱਤੀ ਗਈ ਹੈ ਕਿ ਜਾਂਚ ਟੀਮ 22 ਜੂਨ ਨੂੰ ਸਵੇਰੇ 10.30 ਵਜੇ ਉਨ੍ਹਾਂ ਦੇ ਐਮ. ਐਲ. ਏ. ਫਲੈਟ ‘ਚ ਪੁੱਜ ਕੇ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।

ਵੱਡੇ ਬਾਦਲ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਇਸ ਮਾਮਲੇ ਸਬੰਧੀ ਸਬੂਤ ਦੇ ਤੌਰ ‘ਤੇ ਕੋਈ ਦਸਤਾਵੇਜ਼ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਹ ਉਸ ਦਿਨ ਆਪਣੇ ਕੋਲ ਰੱਖਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਗਠਿਤ ਨਵੀਂ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

 

ਅਸਲ ‘ਚ ਜਾਂਚ ਕਮੇਟੀ ਵੱਲੋਂ ਪੁੱਛਗਿੱਛ ਲਈ ਵੱਡੇ ਬਾਦਲ ਨੂੰ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।