ਨਵੀਂ ਦਿੱਲੀ- ਜੰਮੂ ਕਸ਼ਮੀਰ ‘ਚ ਨਵੇਂ ਚੋਣ ਖੇਤਰ ਬਣਾਉਣ ਲਈ ਜਾਣਕਾਰੀ ਇਕੱਠੀ ਕਰਨ ਦੇ ਮਕਸਦ ਨਾਲ ਹੱਦਬੰਦੀ ਕਮਿਸ਼ਨ 6 ਜੁਲਾਈ ਤੋਂ 9 ਜੁਲਾਈ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦਾ 4 ਦਿਨਾ ਦੌਰਾ ਕਰੇਗਾ ਅਤੇ ਉੱਥੇ ਸਿਆਸੀ ਦਲਾਂ, ਜਨ ਪ੍ਰਤੀਨਿਧੀਆਂ ਅਤੇ ਅਧਿਕਾਰੀਆਂ ਨਾਲ ਗੱਲ ਕਰੇਗਾ। ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੋਣਾਵੀ ਪੈਨਲ ਦੇ ਹੈੱਡ ਕੁਆਰਟਰ ‘ਚ ਇੱਥੇ ਬੁੱਧਵਾਰ ਨੂੰ ਹੋਈ ਬੈਠਕ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ। ਇਸ ਬੈਠਕ ਦੀ ਪ੍ਰਧਾਨਗੀ ਹੱਦਬੰਦੀ ਕਮਿਸ਼ਨ ਦੀ ਪ੍ਰਧਾਨ ਜੱਜ (ਸੇਵਾਮੁਕਤ) ਰੰਜਨਾ ਪ੍ਰਕਾਸ਼ ਦੇਸਾਈ ਅਤੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਸੁਸ਼ੀਲ ਚੰਦਰ ਨੇ ਕੀਤੀ। ਚੋਣ ਕਮਿਸ਼ਨ ਦੇ ਬੁਲਾਰੇ ਨੇ ਇੱਥੇ ਜਾਰੀ ਇਕ ਬਿਆਨ ‘ਚ ਕਿਹਾ,”ਇਸ ਦੌਰੇ ‘ਚ (ਹੱਦਬੰਦੀ) ਕਮਿਸ਼ਨ ਸਿਆਸੀ ਦਲਾਂ, ਜਨ ਪ੍ਰਤੀਨਿਧੀਆਂ ਅਤੇ 20 ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰੇਗਾ ਤਾਂ ਕਿ ਜੰਮੂ ਕਸ਼ਮੀਰ ਪੁਨਰ ਗਠਨ ਕਾਨੂੰਨ 2019 ਦੇ ਅਧੀਨ ਜ਼ਰੂਰੀ ਹੱਦਬੰਦੀ ਦੀ ਜਾਰੀ ਪ੍ਰਕਿਰਿਆ ਸੰਬੰਧੀ ਜਾਣਕਾਰੀ ਇਕੱਠੀ ਕਰ ਸਕੇ।” ਬੁਲਾਰੇ ਨੇ ਕਿਹਾ ਕਿ ਹੱਦਬੰਦੀ ਕਮਿਸ਼ਨ ਨੂੰ ਉਮੀਦ ਹੈ ਕਿ ਸਾਰੇ ਪੱਖ ਇਸ ਕੰਮ ‘ਚ ਸਹਿਯੋਗ ਕਰਨਗੇ ਅਤੇ ਉਪਯੋਗੀ ਸੁਝਾਅ ਦੇਣਗੇ ਤਾਂ ਕਿ ਹੱਦਬੰਦੀ ਦਾ ਕੰਮ ਸਮੇਂ ‘ਤੇ ਪੂਰਾ ਹੋ ਸਕੇ। ਉਨ੍ਹਾਂ ਦੱਸਿਆ ਕਿ ਹੱਦਬੰਦੀ ਕਮਿਸ਼ਨ 2011 ਦੀ ਜਨਗਣਨਾ ਸੰਬੰਧੀ ਜ਼ਿਲ੍ਹਿਆ/ਚੋਣ ਖੇਤਰਾਂ ਦੇ ਅੰਕੜਿਆਂ ਨੂੰ ਲੈ ਕੇ ਬੈਠਕਾਂ ਪਹਿਲਾਂ ਹੋ ਚੁਕੀਆਂ ਹਨ। ਉਨ੍ਹਾਂ ਕਿਹਾ,”ਇਸ ਤੋਂ ਪਹਿਲਾਂ, ਉਸ ਨੇ ਸਾਰੇ ਸਹਿਯੋਗੀ ਮੈਂਬਰਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ, ਜਿਸ ‘ਚ 2 ਸਹਿਯੋਗੀ ਮੈਂਬਰਾਂ ਨੇ ਹਿੱਸਾ ਲਿਆ। ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਾਗਿਰਕ ਸਮਾਜ ਅਤੇ ਆਮ ਜਨਤਾ ਤੋਂ ਹੱਦਬੰਦੀ ਨਾਲ ਸੰਬੰਧਤ ਪਹਿਲੂਆਂ ‘ਤੇ ਕਈ ਪੇਸ਼ਕਾਰੀਆਂ ਵੀ ਪ੍ਰਾਪਤ ਹੋਈਆਂ ਹਨ।”
