World

1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਸ਼ਾਮਲ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ : ਰਾਹੁਲ ਗਾਂਧੀ

ਲੰਡਨ — ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਬੇਹੱਦ ਦੁੱਖ ਭਰੀ ਤ੍ਰਾਸਦੀ ਦੱਸਿਆ ਅਤੇ ਕਿਹਾ ਕਿ ਉਹ ਕਿਸੇ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿਚ ਸ਼ਾਮਲ ਲੋਕਾਂ ਨੂੰ ਸਜ਼ਾ ਦੇਣ ਦਾ 100 ਫੀਸਦੀ ਸਮਰਥਨ ਕਰਦੇ ਹਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਸਕਿਓਰਿਟੀ ਗਾਰਡ ਵਲੋਂ ਹੱਤਿਆ ਤੋਂ ਮਗਰੋਂ 1984 ‘ਚ ਹੋਏ ਦੰਗਿਆਂ ‘ਚ ਕਰੀਬ 3,000 ਸਿੱਖ ਮਾਰੇ ਗਏ ਸਨ। ਉਸ ਸਮੇਂ ਕੇਂਦਰ ‘ਚ ਕਾਂਗਰਸ ਦੀ ਸਰਕਾਰ ਸੀ।

ਦੱਸਣਯੋਗ ਹੈ ਕਿ ਬ੍ਰਿਟੇਨ ਦੀ ਦੋ ਦਿਨਾ ਯਾਤਰਾ ‘ਤੇ ਆਏ ਰਾਹੁਲ ਗਾਂਧੀ ਨੇ ਸੰਸਦ ਮੈਂਬਰਾਂ ਅਤੇ ਸਥਾਨਕ ਨੇਤਾਵਾਂ ਦੀ ਸਭਾ ਵਿਚ ਕਿਹਾ ਕਿ ਇਹ ਬਹੁਤ ਹੀ ਦੁਖਦਾਇਕ ਘਟਨਾ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਮੈਂ ਇਸ ਦਾ 100 ਫੀਸਦੀ ਸਮਰਥਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਸ ਵਿਚ ਕਾਂਗਰਸ ਦਾ ਦਖਲ ਸੀ।

ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਧਰਤੀ ‘ਤੇ ਕਿਸੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਵਿਰੁੱਧ ਹਾਂ। ਮੈਂ ਪਰੇਸ਼ਾਨ ਹੋ ਜਾਂਦਾ ਹਾਂ, ਜਦੋਂ ਮੈਂ ਕਿਸੇ ਨੂੰ ਦੁਖੀ ਹੁੰਦੇ ਦੇਖਦਾ ਹਾਂ, ਇਸ ਲਈ ਮੈਂ ਇਸ ਦੀ 100 ਫੀਸਦੀ ਨਿੰਦਾ ਕਰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਿੰਸਾ ਨੂੰ ਨਹੀਂ ਝੱਲਿਆ, ਉਨ੍ਹਾਂ ਨੂੰ ਲੱਗਦਾ ਹੈ ਕਿ ਹਿੰਸਾ ਉਹ ਹੀ ਹੈ ਜੋ ਉਹ ਫਿਲਮਾਂ ‘ਚ ਦੇਖਦੇ ਹਨ। ਜ਼ਿਆਦਾਤਰ ਲੋਕ ਹਿੰਸਾ ਨੂੰ ਨਹੀਂ ਸਮਝਦੇ ਜੋ ਕਿ ਖਤਰਨਾਕ ਗੱਲ ਹੈ।