Punjab News

2022 ਵਿਧਾਨ ਸਭਾ ਚੋਣਾਂ : ਕੋਵਿਡ ਕਾਰਨ ਸੂਬੇ ’ਚ ਪੋਲਿੰਗ ਬੂਥਾਂ ਦੀ ਗਿਣਤੀ 24, 689 ਹੋਈ

ਚੰਡੀਗੜ੍ਹ : ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਪੰਜਾਬ ਡਾ. ਕਰੁਣਾ ਰਾਜੂ ਨੇ ਅੱਜ ਕਿਹਾ ਕਿ ਤਰਕਸੰਗਤਕਰਨ ਤੋਂ ਬਾਅਦ ਸੂਬੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 23,211 ਤੋਂ ਵਧਾ ਕੇ 24,689 ਕਰ ਦਿੱਤੀ ਗਈ ਹੈ। ਅੱਜ ਇੱਥੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਇੱਕ ਪੋਲਿੰਗ ਬੂਥ ’ਚ ਆਉਣ ਵਾਲੇ ਵੋਟਰਾਂ ਦੀ ਗਿਣਤੀ 1400 ਤੋਂ ਘਟਾ ਕੇ 1200 ਕਰ ਦਿੱਤੀ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਭਰ ਦੇ ਪੋਲਿੰਗ ਬੂਥਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਡਾ. ਰਾਜੂ ਨੇ ਇਹ ਵੀ ਕਿਹਾ ਕਿ ਤਰਕਸੰਗਤ ਪ੍ਰਕਿਰਿਆ ਤੋਂ ਬਾਅਦ ਪੋਲਿੰਗ ਬੂਥਾਂ ਦੀ ਗਿਣਤੀ 23,211 ਤੋਂ ਵਧਾ ਕੇ 24,689 ਕਰ ਦਿੱਤੀ ਗਈ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਲੋੜੀਂਦੀਆਂ ਈ. ਵੀ. ਐਮਜ਼ ਦਾ ਪ੍ਰਬੰਧ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 10,500 ਕੰਟਰੋਲ ਯੂਨਿਟਾਂ (ਸੀ. ਯੂ.) ਅਤੇ 21100 ਵੀ. ਵੀ. ਪੈਟ. ਮਸ਼ੀਨਾਂ ਨੂੰ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਵਿੱਚ ਪਹੁੰਚਾਈਆਂ ਜਾ ਰਹੀਆਂ ਹਨ। ਡਾ. ਰਾਜੂ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਨਾਲ ਸੀ. ਈ. ਓ. ਪੰਜਾਬ ਦਫ਼ਤਰ ਕੋਲ 45316 ਬੈਲਟ ਯੂਨਿਟਾਂ (ਬੀ. ਯੂ.), 34942 ਕੰਟਰੋਲਿੰਗ ਯੂਨਿਟਾਂ (ਸੀ. ਯੂ.) ਅਤੇ 37576 ਵੀਵੀਪੈਟ ਮਸ਼ੀਨਾਂ ਹੋ ਜਾਣਗੀਆਂ। ਮੁੱਖ ਚੋਣ ਅਧਿਕਾਰੀ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਮਸ਼ੀਨਾਂ ਨੂੰ ਲਿਆਉਣ ਸਮੇਂ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਐੱਸ. ਓ. ਪੀਜ਼ ਦੀ ਪਾਲਣਾ ਕੀਤੀ ਜਾ ਰਹੀ ਹੈ। ਡਾ. ਰਾਜੂ ਨੇ ਕਿਹਾ ਕਿ ਜ਼ਿਲ੍ਹਾਵਾਰ ਨੋਡਲ ਅਫਸਰ ਇਨ੍ਹਾਂ ਮਸ਼ੀਨਾਂ ਨੂੰ ਮੱਧ ਪ੍ਰਦੇਸ਼ ਤੋਂ ਜੀ. ਪੀ. ਐੱਸ. ਫਿੱਟ ਕੀਤੇ ਵਿਸ਼ੇਸ਼ ਟ੍ਰਾਂਸਪੋਰਟ ਕੰਟੇਨਰਾਂ ਵਿੱਚ ਢੁੱਕਵੀਂ ਸਕੈਨਿੰਗ ਬਾਅਦ ਸਖ਼ਤ ਸੁਰੱਖਿਆ ਅਧੀਨ ਲਿਆ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ 10 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਅੰਮ੍ਰਿਤਸਰ ਵਿੱਚ ਈ. ਵੀ. ਐੱਮ.-ਵੀਵੀਪੈਟ ਸੁਰੱਖਿਅਤ ਢੰਗ ਨਾਲ ਜ਼ਿਲ੍ਹਾ ਹੈੱਡਕੁਆਰਟਰ ਪਹੁੰਚ ਗਈਆਂ ਹਨ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਇਹ ਮਸ਼ੀਨਾਂ ਦੋ ਦਿਨਾਂ ਦੇ ਅੰਦਰ ਪਹੁੰਚ ਜਾਣਗੀਆਂ। ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਫਸਟ ਲੈਵਲ ਚੈਕਿੰਗ (ਐੱਫ. ਐੱਲ. ਸੀ.) ਨਿਰਧਾਰਤ ਸਮੇਂ ਵਿੱਚ ਐੱਸ. ਓ.ਪੀਜ਼. ਅਨੁਸਾਰ ਮਾਨਤਾ ਪ੍ਰਾਪਤ ਰਾਸ਼ਟਰੀ ਅਤੇ ਰਾਜਸੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਵੇਅਰਹਾਊਸ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੇ ਨਾਲ ਨਾਲ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਡਾ. ਰਾਜੂ ਨੇ ਕਿਹਾ ਕਿ ਮੌਜੂਦਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀਆਂ ਵੀ ਸਖ਼ਤੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂਵਅੱਗੇ ਕਿਹਾ ਕਿ ਸੂਬੇ ਵਿੱਚ ਨਿਰਵਿਘਨ, ਪਾਰਦਰਸ਼ੀ, ਸ਼ਾਂਤੀਪੂਰਨ ਅਤੇ ਮੁਸ਼ਕਲ ਰਹਿਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।