India News

CAA, NRC ’ਤੇ ਸੰਸਦ ’ਚ ਵਿਰੋਧੀ ਧਿਰ ਦਾ ਹੰਗਾਮਾ

ਨਵੀਂ ਦਿੱਲੀ

ਸੰਸਦ ’ਚ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਉੱਤੇ ਧੰਨਵਾਦ ਦੇ ਮਤੇ ਉੱਤੇ ਬਹਿਸ ਹੋਣੀ ਤੈਅ ਹੈ। ਸੈਸ਼ਨ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਸ਼ਾਹੀਨ ਬਾਗ਼, ਜਾਮੀਆ ਹਿੰਸਾ, ਸੀਏਏ, ਐੱਨਆਰਸੀ ਨੂੰ ਲੈ ਕੇ ਸਦਨ ’ਚ ਹੰਗਾਮਾ ਕੀਤਾ। ਇਸ ਹੰਗਾਮੇ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ ਦੁਪਹਿਰ 1:30 ਵਜੇ ਤੱਕ ਲਈ ਮੁਲਤਵੀ ਕਰਨੀ ਪਈ। ਲੋਕ ਸਭਾ ’ਚ ਜਿਵੇਂ ਹੀ ਇੱਕ ਸੁਆਲ ਦਾ ਜੁਆਬ ਦੇਣ ਲਈ ਵਿੱਤ ਰਾਜ ਮੰਤਰੀ ਸ੍ਰੀ ਅਨੁਰਾਗ ਠਾਕੁਰ ਉੱਠੇ, ਤਾਂ ਵਿਰੋਧੀ ਧਿਰ ਨੇ ‘ਗੋਲੀ ਮਾਰਨਾ ਬੰਦ ਕਰੋ, ਦੇਸ਼ ਨੂੰ ਤੋੜਨਾ ਬੰਦ ਕਰੋ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਉੱਧਰ ਹੰਗਾਮੇ ਕਾਰਨ ਰਾਜ ਸਭਾ ਦੁਪਹਿਰ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਹ ਨਾਅਰੇ ਵੀ ਲਾਏ – ‘ਅਨੁਰਾਗ ਠਾਕੁਰ ਸ਼ਰਮ ਕਰੋ, ਸ਼ਰਮ ਕਰੋ’। ਦਰਅਸਲ, ਬੀਤੀ 27 ਜਨਵਰੀ ਨੂੰ ਦਿੱਲੀ ਦੀ ਇੱਕ ਰੈਲੀ ’ਚ ਸ੍ਰੀ ਠਾਕੁਰ ਨੇ ਕਿਹਾ ਸੀ ਕਿ ਦੇਸ਼ ਦੇ ਗ਼ੱਦਾਰਾਂ ਨੁੰ ਗੋਲੀ ਮਾਰੋ। ਇਸ ਮੁੱਦੇ ’ਤੇ ਵਿਰੋਧੀ ਧਿਰ ਸੰਸਦ ’ਚ ਹੰਗਾਮਾ ਕਰ ਰਿਹਾ ਹੈ। ਇਸ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਸਤੀਸ਼ ਚੰਦਰ ਮਿਸ਼ਰਾ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਰਾਜ ਸਭਾ ’ਚ ਕੰਮ–ਰੋਕੂ ਮਤੇ ਦਾ ਪ੍ਰਸਤਾਵ ਦਿੱਤਾ ਹੈ।