Punjab News

CM ਭਗਵੰਤ ਮਾਨ ਦਾ ਐਲਾਨ, ਡਾ. ਅੰਬੇਡਕਰ ਜੀ ਦੇ ਨਾਂ ’ਤੇ ਬਣੇਗੀ ਜਲੰਧਰ ’ਚ ਯੂਨੀਵਰਸਿਟੀ

ਜਲੰਧਰ —  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਾ. ਬੀ. ਆਰ. ਅੰਬੇਡਕਰ ਜੀ ਦੇ ਜਨਮ ਦਿਹਾੜੇ ਅਤੇ ਵਿਸਾਖੀ ਮੌਕੇ ਅੱਜ ਜਲੰਧਰ ਵਿਖੇ ਸੂਬਾ ਪੱਧਰੀ ਸਮਾਗਮ ’ਚ ਪਹੁੰਚੇ। ਇਸ ਮੌਕੇ ਡਾ. ਬੀ. ਆਰ. ਅੰਬੇਡਕਰ ਜੀ ਨੂੰ ਸ਼ਰਧਾਂਜਲੀ ਦੇਣ ਉਪਰੰਤ ਆਪਣੇ ਸੰਬੋਧਨ ’ਚ ਭਗਵੰਤ ਮਾਨ ਨੇ ਜਨਤਾ ਨੂੰ ਬਾਬਾ ਸਾਹਿਬ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਕਿਹਾ।  ਇਥੇ ਉਨ੍ਹਾਂ ਨੇ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ ਜਲੰਧਰ ਨੂੰ ਬਹੁਤ ਵੱਡੀ ਸਪੋਰਟਸ ਇੰਡਸਟਰੀ ਬਣਾਇਆ ਜਾਵੇਗਾ ਅਤੇ ਡਾ. ਭੀਮ. ਰਾਓ ਅੰਬੇਡਕਰ ਜੀ ਦੇ ਨਾਂ ’ਤੇ ਜਲੰਧਰ ’ਚ ਇਕ ਵੱਡੀ ਯੂਨੀਵਰਸਿਟੀ ਬਣਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲੰਧਰ ਨੂੰ ਸਪੋਰਟਸ ਹੱਬ ਬਣਾਉਣ ਦਾ ਵੀ ਐਲਾਨ ਕੀਤਾ। 

 

 

ਬਾਬਾ ਸਾਹਿਬ ਜੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕੋਲ ਪੈਸੇ ਖ਼ਤਮ ਹੋ ਗਏ ਸਨ ਅਤੇ ਉਨ੍ਹਾਂ ਨੂੰ ਆਪਣੀ ਪੜ੍ਹਾਈ ਵਿਦੇਸ਼ ’ਚ ਛੱਡਣੀ ਪਈ ਸੀ। ਫਿਰ ਬਾਅਦ ’ਚ ਵਾਪਸ ਆ ਕੇ ਉਨ੍ਹਾਂ ਨੇ ਪੈਸੇ ਕਮਾਉਣ ਉਪਰੰਤ ਫਿਰ ਵਿਦੇਸ਼ ਜਾ ਕੇ ਪੜ੍ਹਾਈ ਕੀਤੀ। ਬਾਬਾ ਸਾਹਿਬ ਕੋਲ 6 ਡਾਕਟਰ ਦੀਆਂ ਡਿਗਰੀਆਂ ਸਨ। ਬਾਬਾ ਸਾਹਿਬ ਪਿਛੜੇ ਹੋਏ ਲੋਕਾਂ ਅਤੇ ਗਰੀਬਾਂ ਦੇ ਮਸੀਹੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਸ਼ਹੂਰ ਹੋ ਜਾਂਦੇ ਹਨ, ਤਾਂ ਕਈ ਮਾਪੇ ਆਪਣੇ ਬੱਚਿਆਂ ਦੇ ਨਾਂ ਉਨ੍ਹਾਂ ਦੇ ਨਾਵਾਂ ’ਤੇ ਰੱਖਣ ਲੱਗ ਜਾਂਦੇ ਹਨ। ਇਸੇ ਤਰ੍ਹਾਂ ਮੇਰੇ ਪਿੰਡ ’ਚ ਵੀ 4-5 ਬੱਚਿਆਂ ਦੇ ਨਾਂ ਭੀਮ  ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਸੰਵਿਧਾਨ ਨਾਲ ਛੇੜਛਾੜ ਹੋ ਰਹੀ ਹੈ, ਜਿਸ ਨੂੰ ਬਚਾਉਣ ਦੀ ਲੋੜ ਹੈ। ਸਾਡੇ ਸੰਵਿਧਾਨ ਨੂੰ ਸਾਡਿਆਂ ਤੋਂ ਹੀ ਖ਼ਤਰਾ ਹੈ, ਜਿਸ ਨੂੰ ਬਚਾਉਣਾ ਹੈ। ਸੰਵਿਧਾਨ ਬਚੇਗਾ ਤਾਂ ਦੇਸ਼ ਬਚੇਗਾ। ਅਸੀਂ ਬਾਬਾ ਸਾਹਿਬ ਜੀ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਹੈ। 

 

 

ਵਿਰੋਧੀਆਂ ’ਤੇ ਨਿਸ਼ਾਨੇ ਲਾਉਂਦੇ ਉਨ੍ਹਾਂ ਕਿਹਾ ਕਿ ਗੁਟਕਾ ਸਾਹਿਬ ਦੀਆਂ ਸਹੁੰ ਖਾ ਕੇ ਮੁਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵੀ ਸੰਵਿਧਾਨਿਕ ਤਰੀਕੇ ਨਾਲ ਚੁਣੇ ਹੋਏ ਹਾਂ ਅਤੇ ਅਸੀਂ ਸੰਵਿਧਾਨ ਦੀ ਸਹੁੰ ਚੁੱਕਦੇ ਹਾਂ ਕਿ ਅਸੀਂ ਸੰਵਿਧਾਨ ਸੁਤਾਬਕ ਹਰ ਇਕ ਨਾਲ ਇਨਸਾਫ਼ ਕਰਾਂਗੇ। ਉਨ੍ਹਾਂ ਕਿਹਾ ਕਿ ਹੇਠਾਂ ਦੀ ਕਚਹਿਰੀ ਤੋਂ ਤਾਂ ਲੋਕ ਬਰੀ ਹੋ ਜਾਂਦੇ ਹਨ ਪਰ ਪਰਮਾਤਮਾ ਦੀ ਕਚਹਿਰੀ ’ਚੋਂ ਕਿਵੇਂ ਬਰੀ ਹੋਣਗੇ। ਪਰਮਾਤਮਾ ਦੀ ਕਚਿਹਰੀ ਤੋਂ ਡਰੀਏ, ਸਮੇਂ ਤੋਂ ਡਰੀਏ ਕਿਉਂਕਿ ਉਥੇ ਅੰਬਲਾਂ ਦੇ ਹੁੰਦੇ ਨੇ ਨਿਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ। ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ। ਸਮਾਂ ਬਹੁਤ ਵੱਡੀ ਚੀਜ਼ ਹੈ। ਇਹ ਸਮਾਂ ਰਾਜਿਆਂ ਨੂੰ ਭਿਖਾਰੀ ਅਤੇ ਭਿਖਾਰੀਆਂ ਨੂੰ ਵੀ ਰਾਜੇ ਬਣਾ ਦਿੰਦਾ ਹੈ। 

 

ਜਲੰਧਰ ਸ਼ਹਿਰ ਦੀਆਂ ਕੀਤੀਆਂ ਤਾਰੀਫ਼ਾਂ, ਯਾਦ ਕੀਤੇ ਪੁਰਾਣੇ ਦਿਨ 
ਭਗਵੰਤ ਮਾਨ ਨੇ ਜਲੰਧਰ ਸ਼ਹਿਰ ਦੀਆਂ ਤਾਰੀਫ਼ਾਂ ਕਰਦੇ ਹੋਏ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਲੰਧਰ ਨੂੰ ਤਾਂ ਮੈਂ ਵੈਸੇ ਹੀ ਬਹੁਤ ਪਿਆਰ ਕਰਦਾ ਹਾਂ ਕਿਉਂਕਿ ਮੈਂ ਪਹਿਲੀ ਵਾਰ ਘਰਦਿਆਂ ਨੂੰ ਬਿਨਾਂ ਦਿੱਸੇ ਦੂਰਦਰਸ਼ਨ ’ਤੇ ਗਾਣਾ ਗਾਉਣ ਆ ਗਿਆ ਸੀ। ਬੇਸ਼ੱਕ ਮੇਰੇ ਕੋਲੋ ਉਸ ਵੇਲੇ ਗਾਣਾ ਨਾ ਗਵਾਇਆ ਗਿਆ ਪਰ ਬਾਅਦ ’ਚ ਮੈਂ ਦੂਰਦਰਸ਼ਨ ’ਚ ਬੇਹੱਦ ਵਧੀਆ ਪ੍ਰੋਗਰਾਮ ਕੀਤੇ। ਗੁਰੂ ਨਾਨਕ ਮਿਸ਼ਨ ਵਿਖੇ ਬਣਾਏ ਗਏ ਗੁਰਦੁਆਰੇ ’ਚ ਮੈਂ ਉਸ ਦਿਨ ਰਾਤ ਕੱਟੀ ਸੀ। ਜਲੰਧਰ ਇਕ ਇਤਿਹਾਸਕ ਸ਼ਹਿਰ ਹੈ, ਪੀ. ਏ. ਪੀ., ਸਪੋਰਟਸ ਇਥੇ ਹੈ। ਜਲੰਧਰ ਦੀ ਹਾਕੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਜਲੰਧਰ ਨੂੰ ਕੱਢ ਦਈਏ ਤਾਂ ਇੰਡੀਆ ’ਚ ਹਾਕੀ ਹੀ ਨਹੀਂ ਹੋਵੇਗੀ। ਜਲੰਧਰ ਦੀਆਂ ਗੇਂਦਾਂ ਨਾਲ ਹੀ ਵਰਲਡ ਕੱਪ ’ਚ ਛੱਕੇ ਲੱਗਦੇ ਹਨ।