Punjab News

Encounter ਤੋਂ 3 ਦਿਨ ਪਹਿਲਾਂ ਹੀ ਪੰਜਾਬ ਪੁੱਜੇ ਸੀ ਰੂਪਾ ਤੇ ਕੁੱਸਾ, 17 ਦਿਨਾਂ ਤੋਂ ਸੀ ਰਾਡਾਰ ਤੇ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਮੰਨੂ ਕੁੱਸਾ ਨੂੰ ਪੁਲਸ ਨੇ ਐਨਕਾਊਂਟਰ ਦੌਰਾਨ ਢੇਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਸ਼ਾਰਪ ਸ਼ੂਟਰ 3 ਦਿਨ ਪਹਿਲਾਂ ਹੀ ਪੰਜਾਬ ਪਹੁੰਚੇ ਸਨ। ਸੂਤਰਾਂ ਮੁਤਾਬਕ ਇਨ੍ਹਾਂ ਦੋਹਾਂ ਸ਼ਾਰਪ ਸ਼ੂਟਰਾਂ ਨੂੰ ਹਥਿਆਰ ਪਾਕਿਸਤਾਨ ਤੋਂ ਤਸਕਰ ਬਿਲਾਲ ਸੰਧੂ ਨੇ ਮੁਹੱਈਆ ਕਰਵਾਏ ਸਨ, ਜੋ ਕਿ ਪਾਕਿਸਤਾਨ ‘ਚ ਬੈਠੇ ਅੱਤਵਾਦੀ ਹਰਿੰਦਰ ਸਿੰਘ ਰਿੰਦਾ ਦੀ ਮਦਦ ਨਾਲ ਭੇਜੇ ਗਏ ਸਨ। ਭਾਵੇਂ ਹੀ ਪੁਲਸ ਨੇ ਕਾਫੀ ਜੱਦੋ-ਜਹਿਦ ਤੋਂ ਮਗਰੋਂ ਇਨ੍ਹਾਂ ਸ਼ੂਟਰਾਂ ਨੂੰ ਢੇਰ ਕਰ ਦਿੱਤਾ ਪਰ ਇਨ੍ਹਾਂ ਕੋਲੋਂ ਮਿਲੇ ਆਧੁਨਿਕ ਹਥਿਆਰ ਪੁਲਸ ਦੀ ਜਾਂਚ ਨੂੰ ਅੱਗੇ ਵਧਾਉਣ ‘ਚ ਮਦਦ ਕਰਨਗੇ।


17 ਦਿਨਾਂ ਤੋਂ ਰਾਡਾਰ ‘ਤੇ ਸਨ ਦੋਵੇਂ ਸ਼ਾਰਪ ਸ਼ੂਟਰ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ 52 ਦਿਨਾਂ ਤੱਕ ਪੁਲਸ ਤੋਂ ਬਚਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਵੁਆਇਸ ਸੈਂਪਲਾਂ ਦੀ ਮਦਦ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ 17 ਦਿਨ ਤੋਂ ਦੋਹਾਂ ਗੈਂਗਸਟਰਾਂ ਨੂੰ ਟਰੈਕ ਕਰ ਰਹੀ ਸੀ।

ਪੁਲਸ ਤੋਂ ਬਚਣ ਲਈ ਗੈਂਗਸਟਰ ਜਾਂ ਅੱਤਵਾਦੀ ਪਲਾਸਟਿਕ ਸਰਜਰੀ ਰਾਹੀਂ ਆਪਣੀ ਹੁਲੀਆ ਬਦਲ ਸਕਦੇ ਹਨ ਪਰ ਆਵਾਜ਼ ਨਹੀਂ ਬਦਲ ਸਕਦੇ। ਪਿਛਲੇ ਦਿਨੀਂ ਮੋਹਾਲੀ ‘ਚ ਹੋਈ ਕਈ ਦੋਸ਼ੀਆਂ ਦੀ ਪੇਸ਼ੀ ਤੋਂ ਬਾਅਦ ਪੁਲਸ ਦੀ ਵਿਸ਼ੇਸ਼ ਟੀਮ ਨੇ ਦੋਸ਼ੀਆਂ ਦੇ ਵੁਆਇਸ ਸੈਂਪਲ ਲਏ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਮੈਚ ਕਰਕੇ ਪੁਲਸ ਲੋਕੇਸ਼ਨ ਟਰੇਸ ਕਰਨ ‘ਚ ਕਾਮਯਾਬ ਰਹੀ।