India News

IG ਉਮਰਾਨੰਗਲ ਨੂੰ ‘ਖੁੱਲ੍ਹਾਂ ਦੇਣ ਵਾਲਾ’ ਪਟਿਆਲਾ ਜੇਲ੍ਹ ਦਾ ਸੁਪਰਇੰਟੈਂਡੈਂਟ ਮੁਅੱਤਲ

ਪਟਿਆਲਾ-ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਕਾਰਵਾਈ ਕਰਦਿਆਂ ਪਟਿਆਲਾ ਦੇ ਜੇਲ ਸੁਪਰਇੰਟੈਂਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ। ਪਟਿਆਲਾ ਸਥਿਤ ਕੇਂਦਰੀ ਜੇਲ੍ਹ ਦੇ ਸੁਪਰਇੰਟੈਂਡੈਂਟ ਨੂੰ ਇਸ ਲਈ ਮੁਅੱਤਲ ਕੀਤਾ ਗਿਆ ਹੈ ਕਿਉਂਕਿ ਉਸ ਵੱਲੋਂ ਕਥਿਤ ਤੌਰ ’ਤੇ ਅਣਅਧਿਕਾਰਤ ਤਰੀਕੇ ਨਾਲ ਹਾਈ–ਪ੍ਰੋਫ਼ਾਈਲ ਕੈਦੀ ਆਈਜੀ (IG) ਪਰਮਰਾਜ ਸਿੰਘ ਉਮਰਾਨੰਗਲ ਦੀਆਂ ਕੁਝ ਲੋਕਾਂ ਨਾਲ ਮੀਟਿੰਗਾਂ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇੱਥੇ ਜਾਰੀ ਇੱਕ ਬਿਆਨ ਵਿੱਚ ਮੰਤਰੀ ਨੇ ਕਿਹਾ ਹੈ ਕਿ ਡਿਊਟੀ ਤੋਂ ਕੋਤਾਹੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੇਤੇ ਰਹੇ ਕਿ ਸੁਪਰਇੰਟੈਂਡੈਂਟ ਨੇ ਬੀਤੀ 2 ਮਾਰਚ ਨੂੰ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ ਸੀ। ਸ੍ਰੀ ਉਮਰਾਨੰਗਲ ਇਸ ਵੇਲੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ਵਿੱਚ ਨਿਆਂਇਕ ਹਿਰਾਸਤ ’ਤੇ ਚੱਲ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਆਈਜੀ (ਜੇਲ੍ਹਾਂ) ਸ੍ਰੀ ਰੂਪ ਕੁਮਾਰ ਵੱਲੋਂ ਕੀਤੀ ਜਾਂਚ ਮੁਤਾਬਕ ਸੁਪਰਇੰਟੈਂਡੈਂਟ ਜਸਪਾਲ ਸਿੰਘ ਨੇ ਜੇਲ੍ਹ ਦੇ ਰਜਿਸਟਰ ਵਿੱਚ ਇਨ੍ਹਾਂ ਬਹੁਤੀਆਂ ਮੀਟਿੰਗਾਂ ਲਈ ਆਉਣ ਵਾਲਿਆਂ ਦਾ ਕੋਈ ਇੰਦਰਾਜ਼ (ਐਂਟਰੀ) ਨਹੀਂ ਕੀਤਾ ਸੀ। ਮੰਤਰੀ ਨੇ ਕਿਹਾ ਕਿ ਇਹ ਜੇਲ੍ਹ ਮੇਨੂਏਲ ਦੀ ਮੁਕੰਮਲ ਉਲੰਘਣਾ ਹੈ ਤੇ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਮੰਤਰੀ ਨੇ ਕਿਹਾ ਕਿ ਮੁਅੱਤਲੀ ਦੌਰਾਨ ਸੁਪਰਇੰਟੈਂਡੈਂਟ ਜਸਪਾਲ ਸਿੰਘ ਪੰਜਾਬ ਦੇ ਜੇਲ੍ਹਾਂ ਬਾਰੇ ਏਡੀਜੀਪੀ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦੀ ਗ਼ੈਰ–ਮੌਜੂਦਗੀ ਵਿੱਚ ਡਿਪਟੀ ਸੁਪਰਇੰਟੈਂਡੈਂਟ (ਰੱਖ–ਰਖਾਅ) ਕੇਂਦਰੀ ਜੇਲ੍ਹ, ਪਟਿਆਲਾ ਸ੍ਰੀ ਗੁਰਚਰਨ ਸਿੰਘ ਜੇਲ੍ਹ ਦੇ ਸੁਪਰਇੰਟੈਂਡੈਂਟ ਦਾ ਚਾਰਜ ਸੰਭਾਲਣਗੇ ਤੇ ਨਾਲ ਆਪਣੀਆਂ ਡਿਊਟੀਆਂ ਵੀ ਕਰਨਗੇ।