India News

PM ਮੋਦੀ ਦਾ ਪੰਜਾਬ ਦੌਰਾ: 42 ਹਜ਼ਾਰ ਕਰੋੜ ਦੀ ਦੇਣਗੇ ਸੌਗਾਤ, ਦੋ ਨਵੇਂ ਮੈਡੀਕਲ ਕਾਲਜ ਵੀ ਸ਼ਾਮਲ

ਨਵੀਂ ਦਿੱਲੀ — ਚੋਣਾਵੀ ਸੂਬੇ ਉੱਤਰ ਪ੍ਰਦੇਸ਼ ਵਿਚ ਇਕ ਤੋਂ ਬਾਅਦ ਇਕ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਦੂਜੇ ਵੱਡੇ ਚੁਣਾਵੀ ਸੂਬੇ ਪੰਜਾਬ ਦੀ ਸੁਧ ਲੈਣ ਜਾ ਰਹੇ ਹਨ। ਬੁੱਧਵਾਰ ਯਾਨੀ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਫਿਰੋਜ਼ਪੁਰ ਜਾਣਗੇ ਅਤੇ 42 ਹਜ਼ਾਰ 750 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਨ੍ਹਾਂ ’ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ, ਅੰਮ੍ਰਿਤਸਰ-ਊਨਾ ਡਵੀਜ਼ਨ ਨੂੰ ਚਾਰ ਲੇਨ ਬਣਾਉਣ ਅਤੇ ਮੁਕਰੇਨ-ਤਲਵਾੜਾ ਨਵੀਂ ਰੇਲ ਲਾਈਨ, ਫਿਰੋਜ਼ਪੁਰ ’ਚ ਪੀ. ਜੀ. ਆਈ. ਸੈਟੇਲਾਈਟ ਕੇਂਦਰ ਕਪੂਰਥਲਾ ਅਤੇ ਹੁਸ਼ਿਆਰਪੁਰ ’ਚ ਦੋ ਨਵੇਂ ਮੈਡੀਕਲ ਕਾਲਜ ਸ਼ਾਮਲ ਹਨ।

 

ਮੋਦੀ ਸਰਕਾਰ ਦੇ ਪੰਜਾਬ ਵਿਚ ਸੰਪਰਕ ਸਹੂਲਤ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਸੂਬੇ ਵਿਚ ਰਾਸ਼ਟਰੀ ਹਾਈਵੇਅ ਦੀ ਕੁੱਲ ਲੰਬਾਈ ਸਾਲ 2021 ’ਚ 4100 ਕਿਲੋਮੀਟਰ ਪਹੁੰਚ ਗਈ, ਜਦਕਿ 2014 ’ਚ ਇਹ 1700 ਕਿਲੋਮੀਟਰ ਸੀ। ਇਸੇ ਲੜੀ ’ਚ ਹੁਣ ਦੋ ਪ੍ਰਮੁੱਖ ਸੜਕ ਕਾਰੀਡੋਰਾਂ ਦੀ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਦਿੱਲੀ-ਅੰਮ੍ਰਿਤਸਰ-ਕਟੜਾ ਦੇ 669 ਲੰਬੇ ਐਕਸਪ੍ਰੈੱਸਵੇਅ ਦੇ ਵਿਕਾਸ ’ਤੇ 39 ਹਜ਼ਾਰ 500 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਇਸ ਨਾਲ ਦਿੱਲੀ ਤੋਂ ਅੰਮ੍ਰਿਤਸਰ ਅਤੇ ਦਿੱਲੀ ਤੋਂ ਕਟੜਾ ਦੀ ਦੂਰੀ ਤੈਅ ਕਰਨ ਵਿਚ ਲੱਗਣ ਵਾਲੇ ਸਮੇਂ ਵਿਚ ਕਮੀ ਆਵੇਗੀ। 

 

ਗਰੀਨ ਫੀਲਡ ਐਕਸਪ੍ਰੈੱਸਵੇਅ ਸਿੱਖ ਧਾਰਮਿਕ ਅਸਥਾਨਾਂ- ਸੁਲਤਾਨਪੁਰ ਲੋਧੀ, ਗੋਵਿੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਨੂੰ ਜੋੜੇਗਾ। ਇਸ ਤੋਂ ਇਲਾਵਾ ਇਹ ਐਕਸਪ੍ਰੈੱਸ ਵੇਅ ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਜੰਮੂ-ਕਸ਼ਮੀਰ ਤੋਂ ਇਲਾਵਾ ਅੰਬਾਲਾ, ਚੰਡੀਗੜ੍ਹ, ਮੋਹਾਲੀ, ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਕਠੁਆ ਅਤੇ ਸਾਂਬਾ ਵਰਗੇ ਆਰਥਿਕ ਖੇਤਰਾਂ ਨੂੰ ਵੀ ਜੋੜੇਗਾ।

 

ਅੰਮ੍ਰਿਤਸਰ-ਊਨਾ ਡਵੀਜ਼ਨ ਦੇ ਵਿਕਾਸ ’ਤੇ 1700 ਕਰੋੜ ਰੁਪਏ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਦੇਸ਼ ਦੇ ਹਰ ਹਿੱਸੇ ਵਿਚ ਵਿਸ਼ਵ ਪੱਧਰੀ ਮੈਡੀਕਲ ਸਹੂਲਤ ਪਹੁੰਚਾਉਣ ਦੀ ਸਰਕਾਰ ਦੀ ਕੋਸ਼ਿਸ਼ ਤਹਿਤ ਪੰਜਾਬ ਦੇ ਤਿੰਨ ਕਸਬਿਆਂ ਵਿਚ ਮੈਡੀਕਲ ਸਹੂਲਤਾਂ ਦਾ ਨੀਂਹ ਪੱਥਰ ਰੱਖਿਆ ਜਾਵੇਗੀ। ਇਨ੍ਹਾਂ ’ਚ 490 ਕਰੋੜ ਰੁਪਏ ਦੀ ਲਾਗਤ ਨਾਲ ਫਿਰੋਜ਼ਪੁਰ ’ਚ 100 ਬਿਸਤਿਆਂ ਵਾਲਾ ਪੀ. ਜੀ. ਆਈ. ਸੈਟੇਲਾਈਟ ਕੇਂਦਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਕਪੂਰਥਲਾ ਅਤੇ ਹੁਸ਼ਿਆਰਪੁਰ ’ਚ 325-325 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਵਿਕਸਿਤ ਕੀਤੇ ਜਾਣਗੇ।