India News

PM ਮੋਦੀ ਨੇ ਓਲੰਪਿਕ ’ਚ ਜਾਣ ਵਾਲੇ ਐਥਲੀਟਾਂ ਨਾਲ ਕੀਤੀ ਚਰਚਾ, ਕਿਹਾ-ਉਮੀਦਾਂ ਦੇ ਬੋਝ ਥੱਲੇ ਨਹੀਂ ਦੱਬਣਾ

ਕੋਰੋਨਾ ਸੰਕਟ ਵਿਚਾਲੇ ਇਕ ਸਾਲ ਦੀ ਉਡੀਕ ਤੋਂ ਬਾਅਦ ਟੋਕੀਓ ਓਲੰਪਿਕ ਅਗਲੇ ਹਫ਼ਤੇ ਸ਼ੁਰੂ ਹੋ ਰਹੀਆਂ ਹਨ। ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਜਾ ਰਹੇ ਭਾਰਤੀ ਖਿਡਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੇ ਉਮੀਦਾਂ ਦੇ ਬੋਝ ਥੱਲੇ ਦੱਬਣਾ ਨਹੀਂ ਹੈ, ਸਗੋਂ ਪੂਰਾ ਫੋਕਸ ਆਪਣਾ ਸੌ ਫੀਸਦੀ ਦੇਣ ’ਤੇ ਲਾਉਣਾ ਹੈ ਤੇ ਪੂਰੇ ਦੇਸ਼ ਦੀਆਂ ਸ਼ੁੱਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ। ਮੋਦੀ ਨੇ 23 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਓਲੰਪਿਕ ਖੇਡਾਂ ਲਈ ਜਾ ਰਹੇ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਲਈ ਵਰਚੁਅਲ ਤਰੀਕੇ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਭਾਰਤ ਦੀ ਤਮਗਾ ਉਮੀਦ ਭਾਲਾ ਸੁੱਟ ਖਿਡਾਰੀ ਨੀਰਜ ਚੋਪੜਾ ਨਾਲ ਗੱਲਬਾਤ ਦੌਰਾਨ ਸਾਰੇ ਖਿਡਾਰੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ, ‘‘ਤੁਸੀਂ ਉਮੀਦਾਂ ਦੇ ਬੋਝ ਹੇਠ ਦੱਬਣਾ ਨਹੀਂ ਹੈ। ਆਪਣਾ ਸੌ ਫੀਸਦੀ ਦੇਣਾ ਹੈ। ਪੂਰੇ ਦੇਸ਼ ਦੀਆਂ ਸ਼ੁੱਭਕਾਮਨਾਵਾਂ ਤੁਹਾਡੇ ਨਾਲ ਹਨ।’’ ਟੋਕੀਓ ਓਲੰਪਿਕ ਖੇਡਣ ਜਾ ਰਹੇ ਭਾਰਤੀ ਖਿਡਾਰੀਆਂ ਪੀ. ਵੀ. ਸਿੰਧੂ (ਬੈਡਮਿੰਟਨ), ਸਾਨੀਆ ਮਿਰਜ਼ਾ (ਟੈਨਿਸ), ਐੱਮ. ਸੀ. ਮੈਰੀਕਾਮ (ਮੁੱਕੇਬਾਜ਼ੀ), ਸੌਰਭ ਚੌਧਰੀ ਤੇ ਇਲਾਵੇਨਿਲ ਵਾਲਰੇਵਿਨ (ਨਿਸ਼ਾਨੇਬਾਜ਼ੀ), ਦੁਤੀ ਚੰਦ (ਐਥਲੈਟਿਕਸ), ਮਨਪ੍ਰੀਤ ਸਿੰਘ (ਹਾਕੀ), ਵਿਨੇਸ਼ ਫੋਗਾਟ (ਕੁਸ਼ਤੀ), ਸਾਜਨ ਪ੍ਰਕਾਸ਼ (ਤੈਰਾਕੀ), ਦੀਪਿਕਾ ਕੁਮਾਰੀ ਤੇ ਪ੍ਰਵੀਨ ਜਾਧਵ (ਤੀਰਅੰਦਾਜ਼ੀ), ਅਸ਼ੀਸ਼ ਕੁਮਾਰ (ਮੁੱਕੇਬਾਜ਼ੀ), ਮਨਿਕਾ ਬੱਤਰਾ ਤੇ ਅਚੰਤਾ ਸ਼ਰਤ ਕਮਲ (ਟੇਬਲ ਟੈਨਿਸ) ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ। ਇਸ ਗੱਲਬਾਤ ’ਚ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਰਾਜ ਮੰਤਰੀ ਨਿਸਿਥ ਪ੍ਰਮਾਣਿਕ , ਸਾਬਕਾ ਖੇਡ ਮੰਤਰੀ ਕਿਰੇਨ ਰਿਜਿਜੂ, ਆਈ. ਓ. ਏ. ਪ੍ਰਧਾਨ ਨਰਿੰਦਰ ਬੱਤਰਾ ਤੋਂ ਇਲਾਵਾ ਖਿਡਾਰੀਆਂ ਦੇ ਮਾਤਾ-ਪਿਤਾ ਵੀ ਮੌਜੂਦ ਸਨ।

ਮੋਦੀ ਨੇ ਕਈ ਖਿਡਾਰੀਆਂ ਦੇ ਮਾਤਾ-ਪਿਤਾ ਨਾਲ ਵੀ ਗੱਲਬਾਤ ਕੀਤੀ। ਇਕ ਦਿਹਾੜੀਦਾਰ ਮਜ਼ਦੂਰ ਦੇ ਪੁੱਤਰ ਤੀਰਅੰਦਾਜ਼ ਪ੍ਰਵੀਨ ਕੁਮਾਰ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਪ੍ਰਤਿਭਾਵਾਂ ਦੀ ਚੋਣ ਸਹੀ ਹੋਵੇ ਤਾਂ ਦੇਸ਼ ਦੀ ਪ੍ਰਤਿਭਾ ਕੀ ਨਹੀਂ ਕਰ ਸਕਦੀ, ਇਹ ਸਾਡੇ ਖਿਡਾਰੀਆਂ ਨੇ ਕਰਕੇ ਦਿਖਾਇਆ ਹੈ। ਓਲੰਪਿਕ ਤੋਂ ਠੀਕ ਪਹਿਲਾਂ ਆਪਣੇ ਪਿਤਾ ਨੂੰ ਗੁਆਉਣ ਵਾਲੇ ਮੁੱਕੇਬਾਜ਼ ਅਸ਼ੀਸ਼ ਕੁਮਾਰ ਨੂੰ ਚੈਂਪੀਅਨ ਕ੍ਰਿਕਟਰ ਸਚਿਨ ਤੇਂਦੁਲਕਰ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਤੇਂਦੁਲਕਰ ਵੀ ਇਕ ਸਮੇਂ ਬਹੁਤ ਅਹਿਮ ਟੂਰਨਾਮੈਂਟ ਖੇਡ ਰਹੇ ਸਨ, ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੀ ਖੇਡ ਰਾਹੀਂ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਤੁਸੀਂ ਵੀ ਓਹੋ ਜਿਹੀ ਉਦਾਹਰਣ ਪੇਸ਼ ਕੀਤੀ ਹੈ। ਇਕ ਖਿਡਾਰੀ ਵਜੋਂ ਤੁਸੀਂ ਇਕ ਜੇਤੂ ਹੋ ਹੀ, ਨਾਲ ਹੀ ਇਕ ਵਿਅਕਤੀ ਦੇ ਤੌਰ ’ਤੇ ਵੀ ਤੁਸੀਂ ਦੁੱਖਾਂ ’ਤੇ ਜਿੱਤ ਪ੍ਰਾਪਤ ਕੀਤੀ ਹੈ। ਦੁਨੀਆ ਦੀ ਨੰਬਰ ਇਕ ਤੀਰਅੰਦਾਜ਼ ਤੇ ਹਾਲ ਹੀ ’ਚ ਪੈਰਿਸ ’ਚ ਵਿਸ਼ਵ ਕੱਪ ’ਚ ਸੋਨ ਤਮਗਾ ਜਿੱਤਣ ਵਾਲੀ ਦੀਪਿਕਾ ਕੁਮਾਰੀ ਤੋਂ ਮੋਦੀ ਨੇ ਪੁੱਛਿਆ ਕਿ ਉਹ ਉਮੀਦਾਂ ਦੇ ਦਬਾਅ ਤੇ ਆਪਣੇ ਪ੍ਰਦਰਸ਼ਨ ਦਰਮਿਆਨ ਸੰਤੁਲਨ ਕਿਵੇਂ ਬਣਾਉਂਦੀ ਹੈ, ਇਸ ’ਤੇ ਦੀਪਿਕਾ ਨੇ ਕਿਹਾ ਕਿ ਉਹ ਪੂਰਾ ਫੋਕਸ ਪ੍ਰਦਰਸ਼ਨ ’ਤੇ ਰੱਖਦੀ ਹੈ।

PunjabKesari

ਉਨ੍ਹਾਂ ਨੇ ਕੁਸ਼ਤੀ ’ਚ ਤਮਗਾ ਉਮੀਦ ਵਿਨੇਸ਼ ਫੋਗਾਟ ਤੋਂ ਪੁੱਛਿਆ ਕਿ ਪਰਿਵਾਰ ਦੀ ਪ੍ਰਸਿੱਧੀ ਕਾਰਨ ਉਮੀਦਾਂ ਦਾ ਬੋਝ ਹੋਵੇਗਾ, ਉਸ ਨਾਲ ਕਿਵੇਂ ਨਜਿੱਠੋਗੇ। ਇਸ ’ਤੇ ਵਿਨੇਸ਼ ਨੇ ਕਿਹਾ ਕਿ ਉਮੀਦਾਂ ਜ਼ਰੂਰੀ ਹਨ, ਜੋ ਚੰਗੇ ਪ੍ਰਦਰਸ਼ਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੈ ਕਿਹਾ ਉਮੀਦਾਂ ਦਾ ਕੋਈ ਨਹੀਂ ਹੈ। ਆਪਣਾ ਸਰਵਉੱਚ ਪ੍ਰਦਰਸ਼ਨ ਕਰਾਂਗੀ। ਖਿਡਾਰੀਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਰਹਿਣਾ ਹੁੰਦਾ ਹੈ। ਪਰਿਵਾਰ ਦੀ ਭੂਮਿਕਾ ਅਹਿਮ ਰਹਿੰਦੀ ਹੈ ਤੇ ਹਮੇਸ਼ਾ ਪਰਿਵਾਰ ਦਾ ਸਾਥ ਮਿਲਿਆ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਭਾਰਤ ਨੇ ਹਾਕੀ ’ਚ ਓਲੰਪਿਕ ’ਚ ਸਭ ਤੋਂ ਜ਼ਿਆਦਾ ਤਮਗੇ ਜਿੱਤੇ ਹਨ ਤੇ ਇਸ ਸਮੇਂ ਉਨ੍ਹਾਂ ਨੂੰ ਮੇਜਰ ਧਿਆਨਚੰਦ, ਕੇ. ਡੀ. ਸਿੰਘ ਬਾਬੂ ਤੇ ਮੁਹੰਮਦ ਸ਼ਾਹਿਦ ਵਰਗੇ ਮਹਾਨ ਖਿਡਾਰੀਆਂ ਦੀ ਯਾਦ ਆ ਰਹੀ ਹੈ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਭਾਰਤੀ ਟੀਮ ਸਫਲਤਾ ਦੇ ਉਸ ਸਿਲਸਿਲੇ ਨੂੰ ਅੱਗੇ ਵਧਾਏਗੀ।