India News

PM ਮੋਦੀ ਨੇ ਕੈਨੇਡੀਅਨ PM ਟਰੂਡੋ ਨਾਲ ਕੀਤੀ ਮੁਲਾਕਾਤ, ਵਪਾਰਕ ਸਬੰਧਾਂ ਨੂੰ ਲੈ ਕੇ ਹੋਈ ਗੱਲਬਾਤ

ਏਲਮਾਉ/ਜਰਮਨੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ7 ਸਿਖ਼ਰ ਸੰਮੇਲਨ ਦੌਰਾਨ ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੁਰੱਖਿਆ ਅਤੇ ਅੱਤਵਾਦ ਨਾਲ ਨਜਿੱਠਣ ਦੇ ਮੁੱਦਿਆਂ ਨੂੰ ਵਧਾਉਣ ‘ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਮੋਦੀ ਅਤੇ ਜਸਟਿਨ ਟਰੂਡੋ ਨੇ ਜੀ7 ਸਿਖ਼ਰ ਸੰਮੇਲਨ ਦੌਰਾਨ ਜਰਮਨੀ ਵਿਚ ਮੁਲਾਕਾਤ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਵਿਚਾਲੋ ਦੋਸਤਾਨਾ ਸਬੰਧਾਂ ਦੀ ਸਮੀਖਿਆ ਕੀਤੀ ਅਥੇ ਕਈ ਖੇਤਰਾਂ ਵਿਚ ਇਸ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਸਲਾਹ-ਮਸ਼ਵਰਾ ਕੀਤਾ।’ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ ਅਤੇ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ, ਸੁਰੱਖਿਆ ਅਤੇ ਅੱਤਵਾਦ ਨਾਲ ਨਜਿੱਠਣ ‘ਚ ਤਾਲਮੇਲ ਵਧਾਉਣ ‘ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। 

ਜ਼ਿਕਰਯੋਗ ਹੈ ਕਿ ਚਾਰ ਸਾਲਾਂ ਵਿੱਚ ਦੋਵਾਂ ਨੇਤਾਵਾਂ ਵਿਚਾਲੇ ਵਿਅਕਤੀਗਤ ਤੌਰ ‘ਤੇ ਇਹ ਪਹਿਲੀ ਦੁਵੱਲੀ ਮੁਲਾਕਾਤ ਹੈ। ਟਰੂਡੋ ਨੇ ਭਾਰਤ ਵਿੱਚ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਇੱਕ ਬਿਆਨ ਦਿੱਤਾ ਸੀ, ਜਿਸ ਉੱਤੇ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਜੀ-7 ਸਿਖ਼ਰ ਸੰਮੇਲਨ ਦੇ ਮੇਜ਼ਬਾਨ ਜਰਮਨੀ ਨੇ ਭਾਰਤ ਤੋਂ ਇਲਾਵਾ ਅਰਜਨਟੀਨਾ, ਇੰਡੋਨੇਸ਼ੀਆ, ਸੇਨੇਗਲ ਅਤੇ ਦੱਖਣੀ ਅਫਰੀਕਾ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਹੈ।