India News

PM ਮੋਦੀ ਨੇ ਗੁਜਰਾਤ ‘ਚ 1100 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਨਵੀਂ ਦਿੱਲੀ/ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਗੁਜਰਾਤ ‘ਚ 1100 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰ ਕੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰਾਜੈਕਟਾਂ ‘ਚ ਮੁੜ ਵਿਕਸਿਤ ਗਾਂਧੀਨਗਰ ਰੇਲਵੇ ਸਟੇਸ਼ਨ ਦੇ ਉੱਪਰ ਬਣਿਆ ਇਕ ਨਵਾਂ 5 ਸਿਤਾਰਾ ਹੋਟਲ, ਗੁਜਰਾਤ ਸਾਇੰਸ ਸਿਟੀ ‘ਚ ਐਕਵੇਟਿਕਸ ਅਤੇ ਰੋਬੋਟਿਕਸ ਗੈਲਰੀ ਅਤੇ ਨੇਚਰ ਪਾਰਕ ਸ਼ਾਮਲ ਹਨ। ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਆਯੋਜਿਤ ਇਸ ਉਦਘਾਟਨ ਸਮਾਰੋਹ ‘ਚ ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰੇਲ ਰਾਜ ਮੰਤਰੀ ਦਰਸ਼ਨਾ ਜਰਦੋਸ਼ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸ਼ਾਮਲ ਹੋਏ। ਗਾਂਧੀ ਸਟੇਸ਼ਨ ‘ਤੇ ਬਣਿਆ 5 ਸਿਤਾਰਾ ਹੋਟਲ 318 ਕਮਰਿਆਂ ਵਾਲਾ ਹੈ ਅਤੇ 790 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ। ਗਾਂਧੀਨਗਰ ਰੇਲਵੇ ਸਟੇਸ਼ਨ ਦਾ ਮੁੜ ਵਿਕਾਸ ਅਤੇ ਉਸ ਦੇ ਉੱਪਰ 5 ਸਿਤਾਰਾ ਹੋਟਲ ਦਾ ਨਿਰਮਾਣ ਜਨਵਰੀ 2017 ‘ਚ ਸ਼ੁਰੂ ਹੋਇਆ ਸੀ। ਇੱਥੇ ਬੈਠਕਾਂ ਅਤੇ ਸਮਾਗਮਾਂ ‘ਚ ਹਿੱਸਾ ਲੈਣ ਵਾਲੇ ਰਾਸ਼ਟਰੀ, ਅੰਤਰਰਾਸ਼ਟਰੀ ਮਹਿਮਾਨ ਇਸ ਹੋਟਲ ‘ਚ ਰੁਕ ਸਕਦੇ ਹਨ। 

ਅਧਿਕਾਰੀਆਂ ਨੇ ਦੱਸਿਆ ਕਿ ਗਾਂਧੀਨਗਰ ਰੇਲਵੇ ਸਟੇਸ਼ਨ ਦੇਸ਼ ਦਾ ਪਹਿਲਾ ਅਜਿਹਾ ਸਟੇਸ਼ਨ ਹੈ, ਜਿੱਥੇ ਸਹੂਲਤਾਂ ਹਵਾਈ ਅੱਡਿਆਂ ਵਰਗੀਆਂ ਹਨ। ਸਟੇਸ਼ਨ ‘ਤੇ 2 ਐਸਕੇਲੇਟਰ, 2 ਐਲੀਵੇਟਰ ਅਤੇ ਪਲੇਟਫਾਰਮ ਨੂੰ ਜੋੜਨ ਵਾਲੇ 2 ਭੂਮੀਗਤ ਪੈਦਲ ਰਸਤਾ ਹੈ। ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਸਾਇੰਸ ਸਿਟੀ ‘ਚ ਤਿੰਨ ਨਵੇਂ ਆਕਰਸ਼ਨਾਂ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਆਕਰਸ਼ਨਾਂ ‘ਚ ਇਕ ਐਕਵੇਟਿਕ ਗੈਲਰੀ, ਇਕ ਰੋਬੋਟਿਕ ਗੈਲਰੀ ਅਤੇ ਇਕ ਨੇਚਰ ਪਾਰਕ ਸ਼ਾਮਲ ਹਨ। ਐਕਵੇਟਿਕ ਗੈਲਰੀ ਦਾ ਨਿਰਮਾਣ 260 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਹ ਦੇਸ਼ ਦਾ ਸਭ ਤੋਂ ਵੱਡਾ ਐਕਵੇਰੀਅਮ ਹੈ, ਜਦੋਂ ਕਿ ਰੋਬੋਟਿਕ ਗੈਲਰੀ ਦਾ ਨਿਰਮਾਣ 127 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਇਸ ‘ਚ 79 ਵੱਖ-ਵੱਖ ਤਰ੍ਹਾਂ ਦੇ 200 ਰੋਬੋਟ ਰੱਖੇ ਗਏ ਹਨ। ਕਰੀਬ 14 ਕਰੋੜ ਦੀ ਲਾਗਤ ਨਾਲ ਬਣਿਆ ਨੇਚਰ ਪਾਰਕ 20 ਏਕੜ ਖੇਤਰ ‘ਚ ਫੈਲਿਆ ਹੈ ਅਤੇ ਉਸ ‘ਚ ਜਾਨਵਰਾਂ ਦੀਆਂ ਮੂਰਤੀਆਂ ਬਣੀਆਂ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਪਾਰਕ ਵੀ ਹਨ। ਪੀ.ਐੱਮ. ਮੋਦੀ ਨੇ ਵਡਨਗਰ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦਾ ਵੀ ਉਦਘਾਟਨ ਕੀਤਾ, ਜਿਸ ਦਾ ਨਿਰਮਾਣ 8.5 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆਹੈ।