ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪੈਰਾਲੰਪਿਕ ਦਲ ਨੂੰ ਆਪਣੀ ਰਿਹਾਇਸ਼ ’ਤੇ ਵੀਰਵਾਰ ਸਵੇਰੇ ਨਾਸ਼ਤੇ ’ਤੇ ਸੱਦ ਕੇ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਨੇ ਉਨ੍ਹਾਂ ਨੂੰ ਆਪਣੇ ਦਸਤਖ਼ਤ ਵਾਲਾ ਇਕ ਸਟੋਲ ਭੇਂਟ ਕੀਤਾ। ਭਾਰਤੀ ਪੈਰਾ ਐਥਲੀਟ 5 ਗੋਲਡ, 8 ਚਾਂਦੀ ਅਤੇ 6 ਕਾਂਸੀ ਸਮੇਤ 19 ਤਮਗੇ ਜਿੱਤ ਕੇ ਟੋਕੀਓ ਤੋਂ ਪਰਤੇ, ਜੋ ਹੁਣ ਤੱਕ ਦੀਆਂ ਖੇਡਾਂ ਵਿਚ ਭਾਰਤ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਭਾਰਤ ਮੈਡਲ ਸੂਚੀ ਵਿਚ 24ਵੇਂ ਸਥਾਨ ’ਤੇ ਰਿਹਾ। ਸਾਰੇ ਤਮਗਾ ਜੇਤੂਆਂ ਨੇ ਆਪਣੇ ਦਸਤਖ਼ਤ ਵਾਲਾ ਚਿੱਟਾ ਸਟੋਲ ਪ੍ਰਧਾਨ ਮੰਤਰੀ ਨੂੰ ਭੇਂਟ ਕੀਤਾ ਜੋ ਉਨ੍ਹਾਂ ਨੇ ਗਲੇ ਵਿਚ ਪਾਇਆ ਸੀ।
ਪੈਰਾ ਐਥਲੀਟਾਂ ਨੂੰ ਤਗਮੇ ਜਿੱਤਣ ਦੇ ਬਾਅਦ ਸਭ ਤੋਂ ਪਹਿਲਾਂ ਫੋਨ ’ਤੇ ਵਧਾਈ ਦੇਣ ਵਾਲੇ ਮੋਦੀ ਬੈਡਮਿੰਟਨ ਖਿਡਾਰੀਆਂ ਚਾਂਦੀ ਤਮਗਾ ਜੇਤੂ ਨੋਇਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਸੁਹਾਸ ਯਥਿਰਾਜ, ਸੋਨ ਤਮਗਾ ਜੇਤੂ ਕ੍ਰਿਸ਼ਣਾ ਨਾਗਰ ਅਤੇ ਯੁਵਾ ਪਲਕ ਕੋਹਲੀ ਨਾਲ ਗੱਲ ਕਰਦੇ ਦਿਖੇ। ਪੈਰਾਲੰਪਿਕ ਵਿਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਬੈਡਮਿੰਟਨ ਵਿਚ ਭਾਰਤੀਆਂ ਨੇ 4 ਤਮਗੇ ਜਿੱਤੇ, ਜਿਨ੍ਹਾਂ ਵਿਚ 2 ਸੋਨ ਤਮਗੇ ਵੀ ਸਨ। ਨਿਸ਼ਾਨੇਬਾਜ਼ ਅਵਨੀ ਲੇਖਰਾ ਅਤੇ ਸਿੰਘਰਾਜ ਅਡਾਨਾ ਵੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦੇ ਦਿਖੇ। ਦੋਵਾਂ ਨੇ 2-2 ਤਮਗੇ ਜਿੱਤੇ ਹਨ। ਇਕ ਹਾਦਸੇ ਦੇ ਬਾਅਦ ਲੱਕ ਦੇ ਹੇਠਲੇ ਹਿੱਸੇ ਵਿਚ ਲਕਵਾ ਹੋਣ ਦੇ ਬਾਵਜੂਦ ਲੇਖਰਾ ਨੇ ਪੈਰਾਲੰਪਿਕ ਵਿਚ ਇਕ ਗੋਲਡ ਅਤੇ ਇਕ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚਿਆ। ਉਥੇ ਹੀ ਬਚਪਨ ਵਿਚ ਪੋਲੀਓ ਦੇ ਸ਼ਿਕਾਰ 39 ਸਾਲਾ ਦੇ ਅਡਾਨਾ ਨੇ ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਆਪਣੇ ਨਾਮ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਜੈਵਲਿਨ ਥ੍ਰੋਅ ਖਿਡਾਰੀ ਦਵਿੰਦਰ ਝਾਝੜੀਆ ਅਤੇ ਉਚੀ ਛਾਲ ਦੇ ਖਿਡਾਰੀ ਮਰੀਯੱਪਨ ਥੰਗਾਵੇਲੁ ਨਾਲ ਵੀ ਗੱਲਬਾਤ ਕੀਤੀ। ਦੋਵਾਂ ਨੇ ਚਾਂਦੀ ਤਮਗਾ ਜਿੱਤਿਆ। ਟੇਬਲ ਟੈਨਿਸ ਖਿਡਾਰੀ ਭਾਵਿਨਾ ਪਟੇਲ ਅਤੇ ਤੀਰਅੰਦਾਜ਼ ਹਰਵਿੰਦਰ ਸਿੰਘ ਵੀ ਤਸਵੀਰਾਂ ਵਿਚ ਨਜ਼ਰ ਆਏ। ਪਟੇਲ ਨੇ ਚਾਂਦੀ ਅਤੇ ਸਿੰਘ ਨੇ ਕਾਂਸੀ ਤਮਗਾ ਜਿੱਤਿਆ ਹੈ।