Punjab News

RSS ਨਾਲ ਸਬੰਧ ਵਾਲੇ ਬਿਆਨ ਤੇ ਭੜਕੇ ਕਿਸਾਨ ਆਗੂ ਡੱਲੇਵਾਲ, ਬਲਬੀਰ ਰਾਜੇਵਾਲ ਨੂੰ ਦਿੱਤਾ ਜਵਾਬ

ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ’ਤੇ ਆਰ. ਐੱਸ. ਐੱਸ. ਦਾ ਵਿਅਕਤੀ ਹੋਣ ਦੇ ਲੱਗੇ ਇਲਜ਼ਾਮ ’ਤੇ ਆਪਣੀ ਸਫਾਈ ਦਿੱਤੀ ਹੈ। ਡੱਲੇਵਾਲ ਨੇ ਕਿਹਾ ਕਿ ਅਜਿਹੇ ਇਲਜ਼ਾਮ ਲਾਉਣਾ ਵਾਜਿਬ ਨਹੀਂ ਹੈ ਤੇ ਜਿਸ ਰਾਸ਼ਟਰੀ ਕਿਸਾਨ ਮਹਾਸੰਘ ਦਾ ਉਨ੍ਹਾਂ ਨੂੰ ਮੀਤ ਪ੍ਰਧਾਨ ਦੱਸਿਆ ਜਾ ਰਿਹਾ ਹੈ, ਉਸ ਸੰਗਠਨ ਵਿਚ ਤਾਂ ਨਾ ਕੋਈ ਪ੍ਰਧਾਨ ਹੈ, ਨਾ ਕੋਈ ਸੈਕਟਰੀ ਤੇ ਨਾ ਹੀ ਕੋਈ ਹੋਰ ਅਹੁਦਾ। ਉਨ੍ਹਾਂ ਕਿਹਾ ਕਿ ਇਸ ਸੰਘ ਵਿਚ ਮੇਰੇ ਤੋਂ ਪਹਿਲਾਂ ਤਾਂ ਬਲਬੀਰ ਸਿੰਘ ਰਾਜੇਵਾਲ ਫਾਊਂਡਰ ਹਨ। ਉਨ੍ਹਾਂ ਕਿਹਾ ਕਿ ਜੇ ਇਸ ਵਿਚ ਆਉਣ ਵਾਲਾ ਆਰ. ਐੱਸ. ਐੱਸ. ਦਾ ਵਿਅਕਤੀ ਹੈ ਤਾਂ ਰਾਜੇਵਾਲ ਸਾਹਿਬ ਤਾਂ ਫਿਰ ਮੇਰੇ ਤੋਂ ਵੀ ਪਹਿਲਾਂ ਆਏ ਸਨ।

 

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਵੀਡੀਓ ਲੀਕ ਹੋਈ ਸੀ, ਜਿਸ ਵਿਚ ਡੱਲੇਵਾਲ ਕਹਿ ਰਹੇ ਸਨ ਕਿ ਕਿਸਾਨ ਅੰਦੋਲਨ ਦੌਰਾਨ ਜਥੇਬੰਦੀਆਂ ਨੇ ਕਰੋੜਾਂ ਰੁਪਏ ਵਿਦੇਸ਼ੀ ਫੰਡਿੰਗ ਦੇ ਨਾਂ ਉਤੇ ਮੰਗਵਾਏ। ਉਨ੍ਹਾਂ ਕਿਹਾ ਸੀ ਕਿ ਮੈਂ ਇਕ ਰੁਪਿਆ ਵੀ ਵਿਦੇਸ਼ਾਂ ’ਚੋਂ ਨਹੀਂ ਮੰਗਵਾਇਆ। ਉਨ੍ਹਾਂ ਕਿਹਾ ਸੀ ਕਿ ਕਈ ਜਥੇਬੰਦੀਆਂ ਦੇ ਆਗੂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਸ ਮਗਰੋਂ ਬਲਬੀਰ ਰਾਜੇਵਾਲ ਨੇ ਬਿਆਨ ਦਿੱਤਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਆਰ. ਐੱਸ. ਐੱਸ. ਦੇ ਵਿਅਕਤੀ ਹਨ।