India News

Russia-Ukraine War: ਸਥਿਤੀ ਵੱਡੇ ਸੰਕਟ ਵੱਲ ਵਧਣ ਦੇ ਖ਼ਤਰੇ, UN ਦੀ ਬੈਠਕ ’ਚ ਭਾਰਤ ਨੇ ਕੀਤੀ ਇਹ ਅਪੀਲ

ਨੈਸ਼ਨਲ ਡੈਸਕ- ਭਾਰਤ ਨੇ ਰੂਸ ਅਤੇ ਯੂਕ੍ਰੇਨ ਵਿਚਾਲੇ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਹੈ। ਭਾਰਤ ਨੇ ਸੁਚੇਤ ਕੀਤਾ ਹੈ ਕਿ ਸਥਿਤੀ ਇਕ ਵੱਡੇ ਸੰਕਟ ’ਚ ਤਬਦੀਲ ਹੋ ਸਕਦੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਪੂਰਬੀ ਯੂਕ੍ਰੇਨ ’ਚ ਇਕ ‘ਫ਼ੌਜੀ ਮੁਹਿੰਮ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਯੂਕ੍ਰੇਨ ਦੀ ਸਥਿਤੀ ’ਤੇ 15 ਮੈਂਬਰੀ ਦੇਸ਼ਾਂ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੁੱਧਵਾਰ ਦੇਰ ਰਾਤ ਇਕ ਐਮਰਜੈਂਸੀ ਬੈਠਕ ਬੁਲਾਈ ਸੀ। 31 ਜਨਵਰੀ ਤੋਂ ਬਾਅਦ ਰੂਸ ਅਤੇ ਯੂਕ੍ਰੇਨ ਵਿਚਾਲੇ ਤਣਾਅ ’ਤੇ ਬੁਲਾਈ ਇਹ ਚੌਥੀ ਬੈਠਕ ਸੀ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਟੋਨੀਓ ਗੁਤਾਰੇਸ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਯੂਕ੍ਰੇਨ ’ਚ ਫ਼ੌਜ ਨਾ ਭੇਜਣ ਅਤੇ ਸ਼ਾਂਤੀ ਨਾਲ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ. ਐੱਸ. ਤਿਰੁਮੂਰਤੀ ਨੇ ਪ੍ਰੀਸ਼ਦ ਨੂੰ ਦੱਸਿਆ ਕਿ ਭਾਰਤ ਨੇ ਮਹਿਜ ਦੋ ਦਿਨ ਪਹਿਲਾਂ ਹੀ ਯੂਕ੍ਰੇਨ ’ਤੇ ਪ੍ਰੀਸ਼ਦ ਦੀ ਬੈਠਕ ’ਚ ਤਣਾਅ ਨੂੰ ਤੁਰੰਤ ਘੱਟ ਕਰਨ ਦੀ ਅਪੀਲ ਕੀਤੀ ਸੀ ਅਤੇ ਸਥਿਤੀ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਕੂਟਨੀਤਕ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ’ਤੇ ਜ਼ੋਰ ਦਿੱਤਾ ਸੀ।

ਤਿਰੁਮੂਰਤੀ ਨੇ ਕਿਹਾ ਕਿ ਸਾਨੂੰ ਦੁੱਖ ਹੈ ਕਿ ਤਣਾਅ ਦੂਰ ਕਰਨ ਲਈ ਵੱਖ-ਵੱਖ ਪੱਖਾਂ ਵਲੋਂ ਕੀਤੀ ਗਈ ਪਹਿਲ ’ਤੇ ਧਿਆਨ ਦੇਣ ਦੀ ਕੌਮਾਂਤਰੀ ਭਾਈਚਾਰੇ ਦੀ ਅਪੀਲ ’ਤੇ ਧਿਆਨ ਨਹੀਂ ਦਿੱਤਾ ਗਿਆ। ਹਾਲਾਤ ਦੇ ਇਕ ਵੱਡੇ ਸੰਕਟ ’ਚ ਤਬਦੀਲ ਹੋਣ ਦਾ ਖ਼ਤਰਾ ਬਣ ਗਿਆ ਹੈ। ਭਾਰਤ ਨੇ ਮੌਜੂਦਾ ਘਟਨਾਕ੍ਰਮ ’ਤੇ ਆਪਣੀ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਇਸ ਨੂੰ ਜੇਕਰ ਸਾਵਧਾਨੀ ਨਾਲ ਨਹੀਂ ਸੰਭਾਲਿਆ ਗਿਆ ਤਾਂ ਇਹ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ।