UK News

UK: ਉਬਰ ਟੈਕਸੀ ਦੇ ਯਾਤਰੀਆਂ ਅਤੇ ਡਰਾਈਵਰਾਂ ਲਈ ਫੇਸ ਮਾਸਕ ਰਹੇਗਾ ਜ਼ਰੂਰੀ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-  ਯੂਕੇ ਵਿਚ ਸੋਮਵਾਰ ਯਾਨੀ 19 ਜੁਲਾਈ ਤੋਂ ਕੋਰੋਨਾ ਪਾਬੰਦੀਆਂ ‘ਚ ਛੋਟ ਦੇ ਬਾਵਜੂਦ ਵੀ ਉਬਰ ਟੈਕਸੀ ਦੇ ਯਾਤਰੀਆਂ ਅਤੇ ਡਰਾਈਵਰਾਂ ਲਈ ਫੇਸ ਮਾਸਕ ਪਾ ਕੇ ਰੱਖਣਾ ਲਾਜ਼ਮੀ ਰਹੇਗਾ। ਦੱਸ ਦੇਈਏ ਕਿ 19 ਜੁਲਾਈ ਤੋਂ ਜਨਤਕ ਥਾਵਾਂ ‘ਤੇ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਕਾਨੂੰਨੀ ਜ਼ਰੂਰਤ ਨਹੀਂ ਹੋਵੇਗੀ, ਪਰ ਕਈ ਕਾਰੋਬਾਰਾਂ ਅਤੇ ਟ੍ਰਾਂਸਪੋਰਟ ਨੈਟਵਰਕਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਵੱਲੋਂ ਸੁਰੱਖਿਆ ਕਾਰਨਾਂ ਕਰਕੇ ਇਹ ਜ਼ਰੂਰਤ ਜਾਰੀ ਰੱਖੀ ਜਾਵੇਗੀ।

ਯੂਕੇ ਉਬਰ ਦੇ ਜਨਰਲ ਮੈਨੇਜਰ ਅਸ਼ ਕੇਬ੍ਰਿਤੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਯਾਤਰੀਆਂ ਅਤੇ ਡਰਾਈਵਰਾਂ ਨੂੰ ਚਿਹਰਾ ਢਕਣ ਲਈ ਮਾਸਕ ਪਹਿਨਣ ਲਈ ਕਿਹਾ ਜਾਵੇਗਾ, ਕਿਉਂਕਿ ਕੰਪਨੀ ਲਈ ਉਹਨਾਂ ਦੀ ਸੁਰੱਖਿਆ ਜ਼ਰੂਰੀ ਹੈ। ਲੰਡਨ ਵਿਚ ਵੀ ਫੇਸ ਮਾਸਕ ਦੀ ਜ਼ਰੂਰਤ ਟਰਾਂਸਪੋਰਟ ਫਾਰ ਲੰਡਨ ਵੱਲੋਂ ਲਾਗੂ ਹੋਵੇਗੀ ਜਿਸ ਵਿਚ ਟਿਊਬ, ਬੱਸ, ਟਰਾਮ, ਡੋਕਲੈਂਡਜ਼ ਲਾਈਟ ਰੇਲਵੇ, ਓਵਰਗਰਾਉਂਡ ਅਤੇ ਟੀ.ਐੱਫ.ਐੱਲ. ਰੇਲ ਆਦਿ ਸ਼ਾਮਲ ਹਨ। ਇਸਦੇ ਇਲਾਵਾ ਕ੍ਰਾਸ-ਚੈਨਲ ਰੇਲ ਫਰਮ ਯੂਰੋਸਟਾਰ, ਬ੍ਰਿਟਿਸ਼ ਏਅਰਵੇਜ਼, ਈਜੀ ਜੈੱਟ ਅਤੇ ਰਾਇਨ ਏਅਰ ਵਰਗੀਆਂ ਏਅਰਲਾਈਨਜ਼ ਦੇ ਨਾਲ ਹੀਥਰੋ ਏਅਰਪੋਰਟ ਵੱਲੋਂ ਵੀ ਫੇਸ ਮਾਸਕ ਦੀ ਜ਼ਰੂਰਤ ਜਾਰੀ ਰਹੇਗੀ।

ਹਾਲਾਂਕਿ ਹੋਰ ਰੇਲ ਕੰਪਨੀਆਂ ਜਿਵੇਂ ਕਿ ਅਵੰਤੀ ਵੈਸਟ ਕੋਸਟ, ਟ੍ਰਾਂਸ ਪੇਨਾਈਨ ਐਕਸਪ੍ਰੈਸ, ਸਾਊਥ ਈਸਟਨ, ਪ੍ਰਮੁੱਖ ਬੱਸ ਅਤੇ ਕੋਚ ਕੰਪਨੀਆਂ ਨੈਸ਼ਨਲ ਐਕਸਪ੍ਰੈਸ ਅਤੇ ਮੇਗਾ ਬੱਸ ਵੱਲੋਂ ਸੋਮਵਾਰ ਤੋਂ ਮਾਸਕ ਪਹਿਨਣ ਦੀ ਮੰਗ ਨਹੀਂ ਕੀਤੀ ਜਾਵੇਗੀ।