India News

UNSC ‘ਚ ਬੋਲੇ ਜੈਸ਼ੰਕਰ- ਅਫਗਾਨਿਸਤਾਨ ਦੇ ਹਾਲਾਤ ਚਿੰਤਾਜਨਕ, ਅੱਤਵਾਦ ਖ਼ਿਲਾਫ਼ ਇੱਕਜੁਟ ਹੋਵੇ ਦੁਨੀਆ

ਨਵੀਂ ਦਿੱਲੀ – ਭਾਰਤ ਦੇ ਵਿਦੇਸ਼ ਮੰਤਰੀ ਨੇ UNSC ਬੈਠਕ ਵਿੱਚ ਅਫਗਾਨ ਸੰਕਟ ‘ਤੇ ਗੱਲ ਕਰਦੇ ਹੋਏ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਦੇਸ਼ ਅੱਤਵਾਦ ਦੀ ਮਦਦ ਕਰ ਰਹੇ ਹਨ, ਜਿਨ੍ਹਾਂ ਨੂੰ ਰੋਕਣਾ ਹੋਵੇਗਾ। UNSC ਬੈਠਕ ਵਿੱਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਦੇ ਹਰ ਰੂਪ ਦੀ ਨਿੰਦਾ ਹੋਣੀ ਚਾਹੀਦੀ ਹੈ। ਉਹ ਬੋਲੇ ਕਿ ਅੱਤਵਾਦ ਦੀ ਵਡਿਆਈ ਨਹੀਂ ਹੋਣੀ ਚਾਹੀਦੀ ਹੈ। ਅਫਗਾਨਿਸਤਾਨ ਦੇ ਮੌਜੂਦਾ ਸਥਿਤੀ ‘ਤੇ ਚਿੰਤਾ ਜਤਾਉਂਦੇ ਹੋਏ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਅੱਤਵਾਦ ਖ਼ਿਲਾਫ਼ ਪੂਰੀ ਦੁਨੀਆ ਨੂੰ ਇੱਕਜੁਟ ਹੋਣਾ ਚਾਹੀਦਾ ਹੈ।

 

ਜੈਸ਼ੰਕਰ ਨੇ ਕਿਹਾ, ਅੱਤਵਾਦ ਨੂੰ ਕਿਸੇ ਧਰਮ, ਰਾਸ਼ਟਰ, ਸਭਿਅਤਾ ਜਾਂ ਫਿਰ ਜਾਤੀ ਸਮੂਹ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਹਰ ਰੂਪ ਦੀ ਨਿੰਦਾ ਹੋਣੀ ਚਾਹੀਦੀ ਹੈ।

ਕੋਵਿਡ-ਅੱਤਵਾਦ ਦੀ ਤੁਲਨਾ ਕੀਤੀ
ਜੈਸ਼ੰਕਰ ਨੇ ਕੋਰੋਨਾ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੋ ਕੋਰੋਨਾ ਲਈ ਸੱਚ ਹੈ, ਉਹੀ ਅੱਤਵਾਦ ਲਈ ਵੀ ਸੱਚ ਹੈ। ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹੋਣਗੇ, ਕੋਈ ਸੁਰੱਖਿਅਤ ਨਹੀਂ ਹੋਵੇਗਾ। ਜੈਸ਼ੰਕਰ ਨੇ ਅੱਗੇ ਕਿਹਾ ਕਿ ਅਫਗਾਨਿਸਤਾਨ ਹੋਵੇ ਜਾਂ ਭਾਰਤ, ਲਸ਼ਕਰ-ਏ-ਤਇਬਾ, ਜੈਸ਼-ਏ-ਮੁਹੰਮਦ ਲਗਾਤਾਰ ਇੱਥੇ ਸਰਗਰਮ ਹਨ।

 

ਬਿਟਕੁਆਇਨ ਵਿੱਚ ਅੱਤਵਾਦੀਆਂ ਨੂੰ ਮਿਲ ਰਹੇ ਇਨਾਮ- ਜੈਸ਼ੰਕਰ
ਜੈਸ਼ੰਕਰ ਨੇ ਅੱਗੇ ISIS ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਤਵਾਦੀ ਸੰਗਠਨ ISIS ਦਾ ਆਰਥਿਕ ਢਾਂਚਾ ਮਜ਼ਬੂਤ ਹੋ ਰਿਹਾ ਹੈ। ਦਾਅਵਾ ਕੀਤਾ ਕਿ ਅੱਤਵਾਦੀਆਂ ਨੂੰ ਜਾਨ ਲੈਣ ਦੇ ਬਦਲੇ ਇਨਾਮ ਵਿੱਚ ਬਿਟਕੁਆਇਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਨਲਾਈਨ ਪ੍ਰੋਪਗੈਂਡਾ ਚਲਾ ਕੇ ਭਟਕਾਇਆ ਜਾ ਰਿਹਾ ਹੈ। ਪਾਕਿਸਤਾਨ ਦਾ ਜ਼ਿਕਰ ਕਰਦੇ ਹੋਏ ਜੈਸ਼ੰਕਰ ਬੋਲੇ, ਗੁਆਂਢੀ ਦੇਸ਼ ਵਿੱਚ ISIL-ਖੁਰਾਸਾਨ ਪਹਿਲਾਂ ਤੋਂ ਜ਼ਿਆਦਾ ਸਰਗਰਮ ਹਨ ਅਤੇ ਆਪਣੇ ਆਪ ਨੂੰ ਫੈਲਾ ਰਿਹਾ ਹੈ।

ਅੱਗੇ ਭਾਰਤ ‘ਤੇ ਹੋਏ ਹਮਲਿਆਂ ਦਾ ਜ਼ਿਕਰ ਕਰਦੇ ਹੋਏ ਜੈਸ਼ੰਕਰ ਨੇ ਕਿਹਾ, ਭਾਰਤ ਨੇ ਅੱਤਵਾਦ ਨੂੰ ਬਹੁਤ ਝੱਲਿਆ ਹੈ। 2008 ਮੁੰਬਈ ਧਮਾਕਾ, 2016 ਪਠਾਨਕੋਟ ਏਅਰਬੇਸ ਹਮਲਾ, 2019 ਪੁਲਵਾਮਾ ਹਮਲਾ ਪਰ ਅਸੀਂ ਅੱਤਵਾਦ ਦੇ ਨਾਲ ਕਦੇ ਸਮਝੌਤਾ ਨਹੀਂ ਕੀਤਾ।